ਪੰਜਾਬ ਟਰਾਂਸਪੋਰਟ ਵਿਭਾਗ ਦੇ ਸੈਲਰੀ ਖਾਤੇ ਅਦਾਲਤ ਨੇ ਕੀਤੇ ਕੁਰਕ, ਅਸ਼ੋਕ ਕੁਮਾਰ ਦੀ ਪਟੀਸ਼ਨ ‘ਤੇ ਜ਼ਿਲ੍ਹਾ ਅਦਾਲਤ ਦਾ ਵੱਡਾ ਫੈਸਲਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 28 ਜੁਲਾਈ: ਜ਼ਿਲ੍ਹਾ ਅਦਾਲਤ ਨੇ ਇਕ ਸਿਵਲ ਕੇਸ ’ਚ ਸਖ਼ਤ ਫ਼ੈਸਲਾ ਸੁਣਾਉਂਦੇ ਹੋਏ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸੈਲਰੀ ਵਾਲੇ ਬੈਂਕ ਖਾਤੇ ਕੁਰਕ ਕਰ ਦਿੱਤੇ। ਦਸੰਬਰ-2024 ’ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਾਹੁਲ ਗਰਗ ਨੇ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਨੂੰ ਇਕ ਮੁਲਾਜ਼ਮ ਨੂੰ ਉਸ ਦੇ ਰਿਟਾਇਰਮੈਂਟ ਮਗਰੋਂ ਮਿਲਣ ਵਾਲੇ ਫਾਇਦੇ ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਸੀ। ਸੱਤ ਮਹੀਨੇ ਬੀਤਣ ਦੇ ਬਾਵਜੂਦ ਵਿਭਾਗ ਨੇ ਜ਼ਿਲ੍ਹਾ ਅਦਾਲਤ ਦੇ ਇਸ ਫ਼ੈਸਲੇ ਨੂੰ ਨਹੀਂ ਮੰਨਿਆ। ਅਜਿਹੇ ’ਚ ਮੁਲਾਜ਼ਮ ਦੇ ਵਕੀਲ ਡੀਆਰ ਕੈਥ ਵੱਲੋਂ ਦਾਇਰ ਕੀਤੀ ਗਈ ਐਗਜ਼ੀਕਿਊਸ਼ਨ ਪਟੀਸ਼ਨ ‘ਤੇ ਅਦਾਲਤ ਨੇ ਪੰਜਾਬ ਸਰਕਾਰ ਦੇ ਬੈਂਕ ਖਾਤੇ ਕੁਰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਜੇਕਰ ਸਰਕਾਰ ਨੇ ਮੁਲਾਜ਼ਮ ਨੂੰ ਉਸ ਦੇ ਪੈਸੇ ਨਹੀਂ ਦਿੱਤੇ ਤਾਂ ਖਾਤਿਆਂ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਪੰਜਾਬ ਟ੍ਰਾਂਸਪੋਰਟ ਵਿਭਾਗ ’ਚ ਕੰਮ ਕਰਦੇ ਕੰਡਕਟਰ ਅਸ਼ੋਕ ਕੁਮਾਰ ਖ਼ਿਲਾਫ਼ 2007 ’ਚ ਲਾਪਰਵਾਹੀ ਨਾਲ ਮੌਤ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ’ਚ 2012 ਵਿਚ ਬਠਿੰਡਾ ਮੈਜਿਸਟਰੇਟ ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਕ ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਦੋ ਸਾਲ ਬਾਅਦ ਬਠਿੰਡਾ ਸੈਸ਼ਨ ਕੋਰਟ ਨੇ ਅਸ਼ੋਕ ਨੂੰ ਬਰੀ ਕਰ ਦਿੱਤਾ ਸੀ। ਇਸ ਦੌਰਾਨ ਵਿਭਾਗ ਨੇ ਉਨ੍ਹਾਂ ਨੂੰ 2012 ’ਚ ਹੀ ਰਿਟਾਇਰ ਕਰ ਦਿੱਤਾ ਸੀ ਪਰ ਉਨ੍ਹਾਂ ਦੀ ਪੈਨਸ਼ਨ ਤੇ ਹੋਰ ਭੱਤਿਆਂ ਨੂੰ ਰੋਕ ਦਿੱਤਾ ਗਿਆ ਸੀ। ਇਸ ਸੰਦਰਭ ਵਿੱਚ ਅਸ਼ੋਕ ਨੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ, ਪੰਜਾਬ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਕੇਸ ਦਰਜ ਕੀਤਾ ਸੀ। ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦਾ ਦਫ਼ਤਰ ਚੰਡੀਗੜ੍ਹ ’ਚ ਹੈ, ਇਸ ਲਈ ਇਹ ਕੇਸ ਇੱਥੇ ਦਰਜ ਕੀਤਾ ਗਿਆ। ਇਸ ਮਾਮਲੇ ’ਚ ਅਦਾਲਤ ਨੇ ਦਸੰਬਰ-2024 ਨੂੰ ਅਸ਼ੋਕ ਦੇ ਹੱਕ ’ਚ ਫ਼ੈਸਲਾ ਸੁਣਾਇਆ ਅਤੇ ਵਿਭਾਗ ਨੂੰ ਸਾਰੇ ਰੁਕੇ ਹੋਏ ਲਾਭ ਜਾਰੀ ਕਰਨ ਦੇ ਹੁਕਮ ਦਿੱਤੇ ਸਨ।
ਇਸ ਮਾਮਲੇ ’ਚ ਹੋਈ ਸੀ ਕੰਡਕਟਰ ਅਸ਼ੋਕ ਨੂੰ ਸਜ਼ਾ
ਸੈਨਾ ’ਚ ਤਾਇਨਾਤ ਬਠਿੰਡਾ ਵਾਸੀ ਰਘੁਵੀਰ ਸਿੰਘ 2007 ’ਚ ਛੁੱਟੀਆਂ ’ਤੇ ਘਰ ਆਏ ਸਨ। ਉਹ ਜਿਸ ਬੱਸ ’ਚ ਸਫਰ ਕਰ ਰਹੇ ਸਨ, ਉਸ ’ਚ ਕੰਡਕਟਰ ਦੀ ਡਿਊਟੀ ਅਸ਼ੋਕ ਦੀ ਸੀ। ਬੀਬੀ ਵਾਲਾ ਚੌਕ, ਬਠਿੰਡਾ ‘ਤੇ ਜਦੋਂ ਬੱਸ ਰੁਕੀ ਤਾਂ ਰਘੁਵੀਰ ਉਸ ਤੋਂ ਹੇਠਾਂ ਉਤਰ ਗਏ ਤੇ ਆਪਣਾ ਸਾਮਾਨ ਉਤਾਰਨ ਲਈ ਬੱਸ ਦੀ ਛੱਤ ‘ਤੇ ਚੜ੍ਹ ਗਏ। ਉਸ ਸਮੇਂ ਅਸ਼ੋਕ ਨੇ ਸੀਟੀ ਵਜਾ ਦਿੱਤੀ ਤੇ ਡਰਾਈਵਰ ਨੇ ਬੱਸ ਚਲਾ ਦਿੱਤੀ। ਇਸ ਦੌਰਾਨ ਰਘੁਵੀਰ ਬੱਸ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਗਏ ਅਤੇ ਕਰੰਟ ਨਾਲ ਉਨ੍ਹਾਂ ਦੀ ਮੌਤ ਹੋ ਗਈ। ਅਸ਼ੋਕ ਖ਼ਿਲਾਫ਼ ਲਾਪਰਵਾਹੀ ਨਾਲ ਮੌਤ ਦਾ ਕੇਸ ਦਰਜ ਕੀਤਾ ਗਿਆ। ਇਸ ਕੇਸ ’ਚ 2014 ’ਚ ਅਸ਼ੋਕ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਰਘੁਵੀਰ ਦੀ ਮੌਤ ਲਈ ਅਦਾਲਤ ਨੇ ਅਸ਼ੋਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ। ਇਸ ਲਈ ਅਸ਼ੋਕ ਨੇ ਆਪਣੇ ਸੇਵਾਮੁਕਤ ਫਾਇਦਿਆਂ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਕੇਸ ਦਰਜ ਕੀਤਾ।



