
ਖਾਲੜਾ, 30 ਜੁਲਾਈ : ਥਾਣਾ ਖਾਲੜਾ ਦੀ ਪੁਲਿਸ ਨੇ ਭਿੱਖੀਵਿੰਡ ਵਾਸੀ ਦੋ ਨੌਜਵਾਨਾਂ ਨੂੰ 30 ਬੋਰ ਦੇ ਵਿਦੇਸ਼ੀ ਪਿਸਟਲ ਦੇ ਹਿੱਸੇ ਅਤੇ ਕਾਰਤੂਸ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੋਟਰਸਾਈਕਲ ਸਵਾਰ ਉਕਤ ਦੋਵੇਂ ਨੌਜਵਾਨਾਂ ਨੇ ਇਹ ਅਸਲਾ ਸਰਹੱਦ ਪਾਰਲੇ ਪਾਕਿ ਤਸਕਰਾਂ ਨਾਲ ਸੰਪਰਕ ਕਰ ਕੇ ਡਰੋਨ ਰਾਹੀਂ ਲੋਕੇਸ਼ਨ ਭੇਜ ਕੇ ਇੱਧਰ ਸੁਟਵਾਇਆ ਸੀ। ਫਿਲਹਾਲ ਪੁਲਿਸ ਨੇ ਦੋਵਾਂ ਵਿਰੁੱਧ ਅਸਲਾ ਤੇ ਏਅਰ ਕਰਾਫਟ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੇ ਸਰਹੱਦੀ ਪਿੰਡ ਡੱਲ ਦੇ ਇਲਾਕੇ ’ਚ ਗਸ਼ਤ ਦੌਰਾਨ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 02 ਬੀਐੱਚ 5251 ’ਤੇ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਸਰਹੱਦੀ ਇਲਾਕੇ ਵਿਚ ਘੁੰਮਣ ਸਬੰਧੀ ਪੁੱਛਗਿੱਛ ਕੀਤੀ ਤਾਂ ਉਕਤ ਨੌਜਵਾਨਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰ ਕੇ ਅਵਤਾਰ ਸਿੰਘ ਪੁੱਤਰ ਪਿਆਰ ਸਿੰਘ ਵਾਸੀ ਮਾੜੀਮੇਘਾ ਦੀ ਜ਼ਮੀਨ ਜੋ ਡੱਲ ਪਿੰਡ ਵਿਚ ਹੈ ਦੀ ਲੋਕੇਸ਼ਨ ਭੇਜ ਕੇ ਸਰਹੱਦ ਪਾਰੋਂ ਪੈਕੇਟ ਮੰਗਵਾਇਆ ਹੈ ਅਤੇ ਉਹ ਉਸੇ ਨੂੰ ਲੱਭਣ ਲਈ ਇੱਥੇ ਆਏ ਸਨ। ਅਰਸ਼ਦੀਪ ਸਿੰਘ ਨਿੱਕਾ ਪੁੱਤਰ ਭੁਪਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਹਰਮਨ ਪੁੱਤਰ ਸੁਖਚੈਨ ਸਿੰਘ ਦੋਵੇਂ ਵਾਸੀ ਭਿੱਖੀਵਿੰਡ ਵਜੋਂ ਪਛਾਣੇ ਗਏ ਉਕਤ ਨੌਜਵਾਨਾਂ ਨੂੰ ਲੋਕੇਸ਼ਨ ਵਾਲੀ ਜਗ੍ਹਾ ’ਤੇ ਲਿਜਾਇਆ ਤੇ ਬੀਐੱਸਐੱਫ ਦੇ ਕੰਪਨੀ ਕਮਾਂਡਰ ਸੰਜੇ ਕੁਮਾਟ ਸਮੇਤ ਧਰਮਾ ਚੌਂਕੀ ਦੀ ਫੋਰਸ ਸਮੇਤ ਜਦੋਂ ਝੋਨੇ ਦੇ ਖੇਤ ’ਚ ਤਲਾਸ਼ੀ ਕੀਤੀ ਤਾਂ ਪੀਲੇ ਰੰਗ ਦਾ ਪੈਕੇਟ ਬਰਮਾਦ ਹੋਇਆ। ਜਿਸ ’ਚੋਂ 30 ਬੋਰ ਪਿਸਟਲ ਦੇ ਹਿੱਸੇ ਤੇ ਦੋ ਕਾਰਤੂਸ ਬਰਾਮਦ ਹੋਏ। ਪੁਲਿਸ ਟੀਮ ਦੀ ਅਗਵਾਈ ਕਰ ਰਹੇ ਏਐੱਸਆਈ ਸਲਵਿਦੰਰ ਸਿੰਘ ਨੇ ਚਾਈਨਾ ਮੇਡ ਉਕਤ ਅਸਲੇ ਤੇ ਮੋਟਰਸਾਈਕਲ ਸਮੇਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।



