
ਲੁਧਿਆਣਾ, 30 ਜੁਲਾਈ : ਲੁਧਿਆਣਾ ਲੋਕਾਂ ਨੂੰ ਨਸੀਹਤ, ਖੁਦ ਮੀਆਂ ਫਜ਼ੀਹਤ ਦੀ ਕਹਾਵਤ ਇਨੀ ਦਿਨੀ ਨਗਰ ਨਿਗਮ ’ਤੇ ਪੂਰੀ ਤਰ੍ਹਾਂ ਢੁੱਕਦੀ ਹੈ, ਕਿਉਕਿ ਗਿੱਲ ਰੋਡ ’ਤੇ ਨਗਰ ਨਿਗਮ ਦੇ 7 ਕੰਪਲੈਕਸ ਹਨ, ਜਿਨ੍ਹਾਂ ’ਚੋਂ ਇਕ ’ਚ ਜ਼ੋਨ ਸੀ ਦਫਤਰ ਹੈ, ਜਿੱਥੇ ਰੋਜ਼ਾਨਾ ਸੈਕੜੇ ਲੋਕ ਆਪਦੇ ਕੰਮਾਂ ਲਈ ਆਉਦੇ ਹਨ ਤੇ ਸ਼ਹਿਰ ਦਾ ਵਿਕਾਸ ਕਰਨ ਵਾਲੇ ਵਿਭਾਗ ਦੇ ਕੰਪਲੈਕਸਾਂ ਦੀ ਖਸਤਾ ਹਾਲਤ ਬਾਰੇ ਅਕਸਰ ਚਰਚਾ ਕਰਦੇ ਹਨ। ਜ਼ਿਕਰਯੋਗ ਹੈ ਕੀ ਬਰਸਾਤੀ ਮੌਸਮ ਦੌਰਾਨ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਵੱਲੋਂ ਸ਼ਹਿਰ ਦੀਆਂ ਸੈਕੜੇ ਜਰਜਰ ਤੇ ਖਸਤਾ ਹੋਈਆਂ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਉਨ੍ਹਾਂ ਦੀਆਂ ਬਿਲਡਿਗਾਂ ਨੂੰ ਅਸੁਰੱਖਿਅਤ ਐਲਾਨ ਦਿੱਤਾ ਜਾਂਦਾ ਹੈ ਤੇ ਕਿਸੇ ਵੀ ਹਾਦਸੇ ਲਈ ਉਸੇ ਬਿਲਡਿੰਗ ਦੇ ਮਾਲਕ ਨੂੰ ਉਸ ਨੋਟਿਸ ਦੇ ਜ਼ਰੀਏ ਜ਼ਿੰਮੇਵਾਰ ਬਣਾ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ ਪਰ ਇਸ ਦੇ ਉਲਟ ਨਗਰ ਨਿਗਮ ਦੇ ਗਿੱਲ ਰੋਡ ’ਤੇ ਸਥਿਤ ਕੰਪਲੈਕਸ ਪੂਰੀ ਤਰ੍ਹਾਂ ਖਸਤਾ ਹਾਲਤ ਹੋ ਚੁੱਕੇ ਹਨ, ਜਿਨ੍ਹਾਂ ਵੱਲੋਂ ਜ਼ੋਨ ਸੀ ਦੀ ਬੀਐਂਡਆਰ ਸ਼ਾਖਾ ਦਾ ਉੱਕਾ ਹੀ ਧਿਆਨ ਨਹੀਂ ਜਾਂ ਫਿਰ ਬੀਐਂਡਆਰ ਸ਼ਾਖਾਦ ਦੇ ਅਧਿਕਾਰੀ ਕਿਸੇ ਅਣਹੋਣੀ ਦੀ ਉਡੀਕ ’ਚ ਹਨ। ਉਕਤ ਬਿਲਡਿੰਗਾਂ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਖਿੜਕੀਆਂ ਦੇ ਸ਼ੀਸ਼ੇ ਆਪਣੇ-ਆਪ ਡਿੱਗ ਜਾਂਦੇ ਹਨ, ਬਿਲਡਿੰਗਾਂ ਦੀਆਂ ਛੱਤਾਂ ਦੇ ਲੈਂਟਰਾਂ ਦੇ ਸਰੀਏ ਜੰਗ ਲੱਗੇ ਹਾਲਾਤਾਂ ’ਚ ਸਾਫ ਦਿਖਾਈ ਦੇ ਰਹੇ ਹਨ, ਜਿਨ੍ਹਾਂ ਤੋਂ ਅਕਸਰ ਮਲਬਾ ਟੁੱਟ ਕੇ ਹੇਠਾਂ ਡਿੱਗ ਰਿਹਾ ਹੈ। ਇਨ੍ਹਾਂ ਬਿਲਡਿੰਗਾਂ ਦੀਆਂ ਟੁੱਟੀਆਂ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਇਮਾਰਤ ਨੂੰ ਕਿਸੇ ਸਮੇਂ ਵੀ ਕੁਝ ਹੋ ਸਕਦਾ ਹੈ। ਅਜਿਹੇ ’ਚ ਲੋਕਾਂ ਨੂੰ ਉਕਤ ਮਾਮਲੇ ’ਚ ਨੋਟਿਸ ਦੇਣ ਵਾਲੇ ਵਿਭਾਗ ਦੀ ਬੀਐਂਡਆਰ ਸ਼ਾਖਾ ਦੇ ਅਧਿਕਾਰੀ ਵੀ ਆਪਣੇ-ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਹੋਏ ਉਕਤ ਬਿਲਡਿੰਗ ਤੋਂ ਪਲਾਇਨ ਕਰ ਢੋਲੇਵਾਲ ਵਿਖੇ ਨਵੀਂ ਨਗਰ ਨਿਗਮ ਦੀ ਬਿਲਡਿੰਗ ’ਚ ਚਲੇ ਗਏ ਹਨ, ਜਦਕਿ ਨਗਰ ਨਿਗਮ ਦੀਆਂ ਹੋਰ ਬ੍ਰਾਂਚਾ, ਜਿਨ੍ਹਾਂ ’ਚ ਓਐਂਡਐੱਮ ਸੈੱਲ, ਬਿਲਡਿੰਗ ਬ੍ਰਾਂਚ, ਪ੍ਰਾਪਰਟੀ ਟੈਕਸ, ਰੈਂਟ ਐਂਡ ਡੀਡ, ਸੁਵਿਧਾ ਸੈਂਟਰ, ਰਿਕਾਰਡਕੀਪਰ ਟੀਮ ਸਮੇਤ ਹੋਰ ਬਿਲਡਿੰਗਾਂ, ਜਿਨ੍ਹਾਂ ’ਚ ਲੇਬਰ ਦਫਤਰ, ਪੰਜਾਬ ਹੋਮਗਾਰਡ ਦਫਤਰ, ਨਿਗਮ ਦੀ ਸਿਹਤ ਸ਼ਾਖਾ ਦਾ ਦਫਤਰ ਤੇ ਸਟੋਰ, ਪੀਡਬਯੂਡੀ ਦਾ ਦਫਤਰ ਉਕਤ ਜਰਜਰ ਤੇ ਖ਼ਸਤਾ ਬਿਲਡਿੰਗਾਂ ’ਚ ਹੀ ਮੌਜੂਦ ਹਨ, ਜੋ ਕਦੇ ਵੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਬਾਕਸ ਉਕਤ ਬਿਲਡਿੰਗਾਂ ਦੀ ਮੁਰੰਮਤ ਸੰਬਧੀ ਟੈਂਡਰ ਲਾਇਆ ਜਾਵੇਗਾ : ਡੇਚਲਵਾਲ ਮਾਮਲੇ ਸਬੰਧੀ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਕਤ ਬਿਲਡਿੰਗਾਂ ਦੀ ਮੁਰੰਮਤ ਸੰਬਧੀ ਟੈਂਡਰ ਲਾਇਆ ਜਾਵੇਗਾ। ਕੱਲ ਹੀ ਉਨ੍ਹਾਂ ਵੱਲੋਂ ਉਕਤ ਮਾਮਲੇ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਤਲਬ ਕਰ ਪ੍ਰੋਗਰੈੱਸ ਦੀ ਰਿਪੋਰਟ ਲਈ ਜਾਵੇਗੀ ਤਾਂ ਕਿ ਉਕਤ ਨਗਰ ਨਿਗਮ ਦੀਆਂ ਬਿਲਡਿੰਗਾਂ ਦੀ ਮੁਰੰਮਤ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। ਉਧਰ ਉਕਤ ਮਾਮਲੇ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਇਮਾਰਤ ਦੀ ਸਮੇਂ ਸਿਰ ਦੇਖਭਾਲ ਬਹੁਤ ਜ਼ਰੂਰੀ ਹੈ, ਜੇਕਰ ਇਮਾਰਤ ਦੀ ਸਮੇਂ ਸਿਰ ਮੁਰੰਮਤ ਕੀਤੀ ਜਾਵੇ ਤਾਂ ਇਮਾਰਤ ਨੂੰ ਢਾਹੁਣ ਤੇ ਕਰੋੜਾਂ ਰੁਪਏ ਖਰਚ ਕਰਨ ਦੀ ਲੋੜ ਨਹੀਂ ਪੈਂਦੀ। ਇਹ ਅਧਿਕਾਰੀਆਂ ਦੀ ਲਾਪ੍ਰਵਾਹੀ ਹੈ ਕਿ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ। ਜੇਕਰ ਬਿਲਡਿੰਗ ਦੀਆਂ ਛੱਤਾਂ ਤੋਂ ਲੈਂਟਰ ਦੇ ਸਰੀਏ ਦਿਖਾਈ ਦਿੰਦੇ ਹੀ ਇਸ ਦੀ ਰਿਪੇਅਰ ਮੌਕੇ ’ਤੇ ਕੀਤੀ ਜਾ ਸਕਦੀ ਸੀ, ਜਦਕਿ ਬੀਐਂਡਆਰ ਅਧਿਕਾਰੀ ਖੁਦ ਇਸ ਕੰਮ ਲਈ ਮਾਹਰ ਹਨ ਤੇ ਉਹ ਜਾਣਦੇ ਹਨ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ।



