
ਤਰਨਤਾਰਨ, 27 ਜੁਲਾਈ : ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਨੂੰ ਸ਼ਨਿਚਰਵਾਰ ਆਮ ਆਦਮੀ ਪਾਰਟੀ ਨੇ ਆਪਣਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਦਰਅਸਲ ਤਰਨਤਾਰਨ ਹਲਕੇ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਇਸ ਹਲਕੇ ਨੂੰ ਖਾਲ੍ਹੀ ਐਲਾਨ ਦਿੱਤਾ ਗਿਆ ਸੀ ਅਤੇ ਹੁਣ ਇੱਥੇ ਜਿਮਨੀ ਚੋਣ ਹੋਈ ਹੈ। ਵਿਧਾਇਕ ਡਾ. ਸੋਹਲ ਦੀ 6 ਜੁਲਾਈ ਨੂੰ ਅੰਤਿਮ ਅਰਦਾਸ ਉਪਰੰਤ ਇਸ ਹਲਕੇ ਤੋਂ ਜਿਮਨੀ ਚੋਣ ਲੜਨ ਲਈ ਪਾਰਟੀ ਦੇ ਵੱਖ-ਵੱਖ ਆਗੂਆਂ ਵੱਲੋਂ ਦਾਅਵਾ ਜਤਾਇਆ ਜਾ ਰਿਹਾ ਸੀ। ਪਰ ਇਸੇ ਦੌਰਾਨ ਹਰਮੀਤ ਸਿੰਘ ਸੰਧੂ ਜਿਨ੍ਹਾਂ ਦੇ ਕਰੀਬ ਦਸ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ, ਦੀ 15 ਜੁਲਾਈ ਨੂੰ ਐਂਟਰ ਆਮ ਆਦਮੀ ਪਾਰਟੀ ਵਿਚ ਹੋ ਗਈ ਅਤੇ ਸ਼ਨਿਚਰਵਾਰ 26 ਜੁਲਾਈ ਨੂੰ ਪਾਰਟੀ ਨੇ ਸੰਧੂ ਨੂੰ ਤਰਨਤਾਰਨ ਹਲਕੇ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਸਮੇਤ ਹੋਰ ਉੱਚ ਲੀਡਰਸ਼ਿੱਪ ਨਾਲ ਤਿੰਨ ਘੰਟੇ ਚੱਲੀ ਮੀਟਿੰਗ, ਜਿਸ ਦੌਰਾਨ ਹਲਕੇ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ, ਸੀ ਤੋਂ ਬਾਅਦ ਲਿਆ ਗਿਆ। ਦੂਜੇ ਪਾਸੇ ਜਿਵੇਂ ਹੀ ਉਨ੍ਹਾਂ ਦੇ ਹਲਕਾ ਇੰਚਾਰਜ ਬਣਨ ਦੀ ਖਬਰ ਤਰਨਤਾਰਨ ਪੁੱਜੀ ਤਾਂ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਹਰਮੀਤ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2002 ਵਿਚ ਤਰਨਤਾਰਨ ਹਲਕੇ ਤੋਂ ਆਜ਼ਾਦ ਚੋਣ ਲੜੀ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਹਰਾ ਕੇ ਚੋਣ ਜਿੱਤ ਗਏ। 2007 ਵਿਚ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੇ ਅਤੇ ਜਿੱਤੇ। 2012 ਵਿਚ ਵੀ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਅਤੇ ਉਹ ਚੋਣ ਜਿੱਤਣ ਵਿਚ ਸਫਲ ਰਹੇ। ਹਾਲਾਂਕਿ 2017 ਤੇ 2022 ਦੀਆਂ ਚੋਣਾਂ ਵਿਚ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੀ ਟਿਕਟ ’ਤੇ ਚੋਣ ਤਾਂ ਲੜੇ ਪਰ ਦੋਵੇਂ ਚੋਣਾਂ ਹਾਰ ਗਏ। ਬੇਸ਼ੱਕ ਉਹ ਲਮਾਂ ਸਮਾਂ ਸਰਗਰਮ ਰਾਜਨੀਤੀ ਤੋਂ ਦੂਰ ਰਹੇ ਪਰ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਕਨਸੋਆਂ ਜਰੂਰ ਉੱਠਦੀਆਂ ਆ ਰਹੀਆਂ ਸਨ। ਇਸੇ ਦੌਰਾਨ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਇਸ ਸੀਟ ਨੂੰ ਖਾਲ੍ਹੀ ਐਲਾਨ ਦਿੱਤਾ ਗਿਆ ਅਤੇ 15 ਜੁਲਾਈ ਨੂੰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਅੱਜ ਉਨ੍ਹਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਨਿਯੁਕਤ ਕਰਕੇ ਸੰਕੇਤ ਦੇ ਦਿੱਤਾ ਹੈ ਕਿ ਉਹ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਉਨ੍ਹਾਂ ਦੇ ਹਲਕਾ ਇੰਚਾਰਜ ਬਣਦਿਆਂ ਹੀ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਕੌਂਸਲਰ ਸਰਬਜੀਤ ਸਿੰਘ ਲਾਲੀ, ਯਾਦਵਿਦੰਰ ਸਿੰਘ ਯਾਦੂ, ਸਾਬਕਾ ਕੌਂਸਲਰ ਸਵਿੰਦਰ ਸਿੰਘ ਅਰੋੜਾ, ਰਣਜੀਤ ਸਿੰਘ ਰਾਣਾ ਤੋਂ ਇਲਾਵਾ ਅਮਰਿੰਦਰ ਸਿੰਘ ਨੀਨਾ,ਜਤਿੰਦਰ ਸਿੰਘ ਨਾਗਪਾਲ, ਹਰਪ੍ਰੀਤ ਸਿੰਘ ਭੀਤਾ, ਲਖਬੀਰ ਸਿੰਘ ਰਟੌਲ, ਅਮਰਜੀਤ ਸਿੰਘ ਲਾਡਾ, ਦਲੇਰ ਸਿੰਘ ਪੰਨੂ, ਸੋਨੀ ਖਹਿਰਾ, ਕੁਲਦੀਪ ਸਿੰਘ ਕੀਪਾ ਆਦਿ ਸਮੇਤ ਵੱਡੀ ਗਿਣਤੀ ਵਿਚ ਇਕੱਤਰ ਉਨ੍ਹਾਂ ਦੇ ਸਮਰਥਕਾਂ ਨੇ ਸਥਾਨਕ ਚਾਰ ਖੰਬਾ ਚੌਕ ਵਿਚ ਆਤਿਸ਼ਬਾਜੀ ਚਲਾਈ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਵੀ ਸਾਂਝੀ ਕੀਤੀ। – ਹਰਮੀਤ ਸਿੰਘ ਸੰਧੂ ਕਰਵਾਉਣਗੇ ਹਲਕੇ ਦਾ ਵਿਕਾਸ : ਲਾਲੀ ਤਰਨਤਾਰਨ ਦੇ ਸੀਨੀਅਰ ਕੌਂਸਲਰ ਸਰਬਜੀਤ ਸਿੰਘ ਲਾਲੀ ਨੇ ਇਸ ਮੌਕੇ ਲੱਡੂ ਵੰਡਦਿਆਂ ਕਿਹਾ ਕਿ ਹਰਮੀਤ ਸਿੰਘ ਸੰਧੂ ਨੇ ਆਪਣੇ ਕਾਰਜਕਾਲ ਦੌਰਾਨ ਤਰਨਤਾਰਨ ਹਲਕੇ ਦਾ ਭਾਰੀ ਵਿਕਾਸ ਕਰਵਾਇਆ ਸੀ ਅਤੇ ਹੁਣ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਤਰਨਤਾਰਨ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੈ। ਜਿਸ ਕਾਰਨ ਲੰਮੇ ਸਮੇਂ ਤੋਂ ਇਸ ਹਲਕੇ ਦੇ ਰੁਕੇ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਨੂੰ ਇਕ ਯੋਗ ਅਗਵਾਈ ਮਿਲ ਸਕੇਗੀ। ਉਨ੍ਹਾਂ ਨੇ ਹਰਮੀਤ ਸਿੰਘ ਸੰਧੂ ਨੂੰ ਚਾਹੁਣ ਵਾਲੇ ਸਾਰੇ ਸਮਰਥਕਾਂ ਨੂੰ ਵਦਾਈ ਵੀ ਦਿੱਤੀ।



