Punjab

ਹਰਜੋਤ ਸਿੰਘ ਬੈਂਸ ਨੇ ਸ਼ਹੀਦੀ ਸ਼ਤਾਬਦੀ ਮਾਮਲੇ ‘ਚ ਮੰਗੀ ਮਾਫੀ

ਕਿਹਾ- ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਿਮਾਣੇ ਸਿੱਖ ਦੀ ਤਰ੍ਹਾਂ ਹੋਵਾਂਗਾ ਪੇਸ਼

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 26 ਜੁਲਾਈ: ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਦੌਰਾਨ ਪਏ ਭੰਗੜੇ ਦੇ ਮਾਮਲੇ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਜਿਸ ਨੂੰ ਬੈਂਸ ਵੱਲੋਂ ਖਿੜੇ ਮੱਥੇ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥

ਧੰਨ ਧੰਨ ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸੱਚੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਝੁਕਦਾ ਹੈ। ਦਾਸ ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਬੀਤੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਉੱਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਇਸ ਪ੍ਰੋਗਰਾਮ ਵਿਚ ਮਸ਼ਹੂਰ ਪੰਜਾਬੀ ਗਾਇਕ ਬੀਰ ਸਿੰਘ ਨੂੰ ਵੀ ਬੁਲਾਇਆ ਗਿਆ ਸੀ, ਜੋ ਕਿ ਇੱਕ ਗੁਰਸਿੱਖ ਗਾਇਕ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਰਚਨਾ “ਸਲੋਕ ਮਹਲਾ ੯” ਦਾ ਗਾਇਨ ਵੀ ਕੀਤਾ ਸੀ। ਇਸੇ ਕਾਰਨ ਹੀ ਉਨ੍ਹਾਂ ਨੂੰ ਵੀ ਇਸ ਸਮਾਗਮ ਵਿਚ ਸੱਦਿਆ ਗਿਆ ਸੀ।ਇਸ ਸਮਾਗਮ ਵਿਚ ਪ੍ਰਬੰਧਕਾਂ ਦੀ ਜਾਣੇ-ਅਨਜਾਣੇ ਵਿਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ, ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖ਼ਿਮਾ ਦਾ ਜਾਚਕ ਹਾਂ। ਮੈਂ ਗੁਰੂ ਸਾਹਿਬ ਦਾ ਸੱਚਾ ਅਤੇ ਨਿਮਾਣਾ ਸਿੱਖ ਹਾਂ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਸਬੰਧ ਵਿਚ ਦਾਸ ਨੂੰ ਤਲਬ ਕੀਤਾ ਗਿਆ ਹੈ। ਦਾਸ ਬੰਦੀਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹੋਣ ਵਾਲੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵੇਗਾ।

Related Articles

Leave a Reply

Your email address will not be published. Required fields are marked *

Back to top button