Punjab

ਮਨਰੇਗਾ ਕਾਮਿਆਂ ਨੇ ਡੀਸੀ ਦਫ਼ਤਰ ਅੱਗੇ ਕੀਤਾ ਰੋਸ ਮੁਜ਼ਾਹਰਾ

ਤਰਨਤਾਰਨ, 26 ਜੁਲਾਈ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਪੰਜਾਬ ਦੇ ਸੱਦੇ ’ਤੇ ਨਰੇਗਾ ਕਾਮਿਆਂ ਦੀਆਂ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਤਰਨਤਾਰਨ ਦਫ਼ਤਰ ਅੱਗੇ ਵਿਸ਼ਾਲ ਪ੍ਰਦਰਸ਼ਨ ਚਰਨ ਸਿੰਘ ਤਰਨਤਾਰਨ, ਪਰਮਜੀਤ ਕੌਰ ਮਾੜੀਮੇਘਾ, ਪਰਮਜੀਤ ਸਿੰਘ ਬਾਬਾ ਚੋਹਲਾ ਸਾਹਿਬ, ਬਲਜੀਤ ਸਿੰਘ ਫਤਿਆਬਾਦ, ਕੁਲਵੰਤ ਕੌਰ ਮੂਸੇ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸੰਬੋਧਨ ਦੌਰਾਨ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਨਰੇਗਾ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨਰੇਗਾ ਕਾਨੂੰਨ ਖਤਮ ਕਰਨ ਦੇ ਰਾਹ ਤੁਰੀ ਹੈ। ਪਿਛਲੇ ਦੋ ਸਾਲਾਂ ਤੋਂ ਨਰੇਗਾ ਕੰਮ ਲਈ ਰੱਖੇ ਬਜ਼ਟ ਵਿਚ ਵਾਧਾ ਨਹੀਂ ਕੀਤਾ ਗਿਆ, ਉਤੋਂ ਨਰੇਗਾ ਕੰਮ ਤੇ ਵਿਚ ਹੋਰ ਬੰਦਸ਼ਾਂ ਲਾ ਦਿੱਤੀਆਂ ਗਈਆਂ ਹਨ। ਹੁਣ ਨਰੇਗਾ ਕਾਮੇ ਨਹਿਰਾਂ ਡਰੇਨਾਂ ਆਦਿ ਥਾਵਾਂ ‘ਤੇ ਕੰਮ ਨਹੀਂ ਕਰ ਸਕਣਗੇ। ਆਗੂਆਂ ਨੇ ਅਫ਼ਸਰਸ਼ਾਹੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵੇਲੇ ਨਰੇਗਾ ਕੰਮ ਅਫਸਰਾਂ ਦੀਆਂ ਤਿਜੋਰੀਆਂ ਭਰਨ ਦਾ ਕੰਮ ਕਰ ਰਿਹਾ ਹੈ। ਸਰਕਾਰੀ ਤੰਤਰ ਨਰੇਗਾ ਰਾਹੀਂ ਹੋਇਆ ਜਾਹਲੀ ਕੰਮ ਵਿਖਾ ਕੇ ਪੈਸੇ ਬਟੋਰ ਲੈਂਦਾ ਹੈ। ਜਦੋਂ ਕਿ ਕੰਮ ਹੋਇਆ ਹੀ ਨਹੀਂ ਹੁੰਦਾ। ਜਿਹੜੇ ਨਰੇਗਾ ਕਾਮੇਂ ਕੰਮ ਦੇ ਹੱਕਦਾਰ ਹਨ ਉਨ੍ਹਾਂ ਨੂੰ ਅਫ਼ਸਰਸ਼ਾਹੀ ਵੱਲੋਂ ਕੰਮ ਦੇਣ ਤੋਂ ਜਾਣਬੁੱਝ ਕੇ ਆਨਾ ਕਾਨੀ ਕੀਤੀ ਜਾਂਦੀ ਹੈ। ਜਿਹੜੇ ਨਰੇਗਾ ਕਾਮੇ ਕੰਮ ਮੰਗਦੇ ਹਨ ਉਨ੍ਹਾਂ ਨੂੰ ਜਲਦੀ ਕੰਮ ਮਿਲਨਾ ਚਾਹੀਦਾ ਅਤੇ ਨਾਲ ਦੀ ਨਾਲ ਖਾਤਿਆਂ ਵਿਚ ਪੈਸੇ ਆਉਣੇ ਚਾਹੀਦੇ ਹਨ । ਸੀਪੀਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਤੇ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਨਰੇਗਾ ਕਾਨੂੰਨ 2005 ਵਿਚ ਕਾਂਗਰਸ ਸਰਕਾਰ ਨੇ ਬਨਾਇਆ ਸੀ। ਇਸ ਸਰਕਾਰ ਨੂੰ ਕਮਿਉਨਿਸਟ ਪਾਰਲੀਮੈਂਟ ਮੈਂਬਰਾਂ ਦੀ ਹਮਾਇਤ ਪ੍ਰਾਪਤ ਸੀ। ਪਹਿਲਾਂ ਇਹ ਦੇਸ਼ ਦੇ 100 ਜ਼ਿਲਿਆਂ ਵਿਚ ਲਾਗੂ ਹੋਇਆ ਅਤੇ ਫਿਰ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ 2007 ਤੇ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਐਲਾਨ ਹੋ ਗਿਆ। ਨਰੇਗਾ ਕਾਨੂੰਨ ਤੇ ਬਹੁਤ ਮਹੱਤਤਾ ਵਾਲਾ ਹੈ ਜਦੋਂ ਕਰੋਨਾ ਦਾ ਦੌਰ ਸੀ ਤੇ ਇਸ ਕਾਨੂੰਨ ਨੇ ਹੀ ਦੇਸ਼ ਦੀ ਆਰਥਿਕਤਾ ਨੂੰ ਡਾਵਾਂਡੋਲ ਹੋਣ ਤੋਂ ਬਚਾਇਆ ਸੀ। ਪਿੰਡਾਂ ਦੇ ਮਜ਼ਦੂਰ ਦੂਰ ਦੁਰਾਡੇ ਤੇ ਜਾ ਨਹੀਂ ਸਕਦੇ ਸਨ ‘ਤੇ ਉਨ੍ਹਾਂ ਨੇ ਨਰੇਗਾ ਕਾਨੂੰਨ ਤਹਿਤ ਪਿੰਡਾਂ ਦੇ ਇਰਦ ਗਿਰਦ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਸੀ। ਆਗੂਆਂ ਨੇ ਕਿਹਾ ਕਿ ਜੇ ਨਰੇਗਾ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਹੋਵੇ ਤਾਂ ਪਿੰਡਾਂ ਦੇ ਲੋਕਾਂ ਨੂੰ ਜਦੋਂ ਖੇਤੀਬਾੜੀ ਦਾ ਕੰਮ ਨਹੀਂ ਹੁੰਦਾ ਉਦੋਂ ਕੰਮ ਮਿਲ ਸਕਦਾ ਹੈ। ਪਰਿਵਾਰ ਖੁਸ਼ਹਾਲੀ ਵਾਲਾ ਜੀਵਨ ਗੁਜ਼ਾਰ ਸਕਦੇ ਹਨ। ਨਰੇਗਾ ਕੰਮ ਸਾਲ ਵਿਚ ਘੱਟੋ ਘੱਟ 200 ਦਿਨ ਅਤੇ ਦਿਹਾੜੀ ਇਕ ਹਜ਼ਾਰ ਰੁਪਏ ਹੋਣੀ ਚਾਹੀਦੀ ਹੈ। ਸੰਬੋਧਨ ਕਰਨ ਵਾਲਿਆਂ ਵਿਚ ਪੰਜਾਬ ਇਸਤਰੀ ਸਭਾ ਦੀ ਸੁਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੁਗਿੰਦਰ ਸਿੰਘ ਵਲਟੋਹਾ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਜਸਬੀਰ ਸਿੰਘ ਜਿਊਣਕੇ, ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ,ਵਿਸ਼ਾਲ ਦੀਪ ਸਿੰਘ ਵਲਟੋਹਾ, ਟਹਿਲ ਸਿੰਘ ਲੱਧੂ, ਜਗੀਰ ਸਿੰਘ ਭਰੋਵਾਲ, ਬੂਟਾ ਸਿੰਘ ਢੋਟੀਆਂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button