Punjab

ਬਰਸਾਤ ਦੀ ਮਾਰ ਹੇਠ ਆਈ ਤਿੰਨ ਪਿੰਡਾਂ ਦੀ 300 ਏਕੜ ਦੇ ਕਰੀਬ ਜ਼ਮੀਨ

ਭਿੱਖੀਵਿੰਡ, 25 ਜੁਲਾਈ : ਸਰਹੱਦੀ ਇਲਾਕੇ ’ਚ ਬੁੱਧਵਾਰ ਨੂੰ ਹੋਈ ਭਾਰੀ ਬਰਸਾਤ ਦੇ ਚੱਲਦਿਆਂ ਇਲਾਕੇ ਦੇ ਤਿੰਨ ਪਿੰਡਾਂ ਸੂਰਵਿੰਡ, ਭੈਣੀ ਗੁਰਮੁੱਖ ਸਿੰਘ ਤੇ ਘੁਰਕਵਿੰਡ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਦਿੱਤਾ ਹੈ। ਇਨ੍ਹਾਂ ਪਿੰਡਾਂ ਦੇ ਖੇਤਾਂ ਦੇ ਨਾਲ ਨਾਲ ਘਰਾਂ ਅੰਦਰ ਵੀ ਪਾਣੀ ਪਹੁੰਚ ਗਿਆ ਹੈ। ਜਿਸ ਦੇ ਚੱਲਦਿਆਂ ਹਾਲਾਤ ਹੜ੍ਹਾਂ ਵਰਗੇ ਬਣੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਲ 2019 ’ਚ ਵੀ ਭਾਰੀ ਬਰਸਾਤ ਦੇ ਚੱਲਦਿਆਂ ਇਨ੍ਹਾਂ ਤਿੰਨਾਂ ਪਿੰਡਾਂ ਦੀ 700 ਏਕੜ ਦੇ ਕਰੀਬ ਜ਼ਮੀਨ ਵਿਚ ਬੀਜੀ ਗਈ ਫ਼ਸਲ ਨਸ਼ਟ ਹੋ ਗਈ ਸੀ। ਜਦੋਂਕਿ ਉਸ ਵੇਲੇ ਪ੍ਰਸ਼ਾਸਨ ਨੇ ਪਿੰਡਾਂ ਦੀਆਂ ਹੱਦਾਂ ਨੇੜਲੇ ਚੁਰਾਹੇ ਨੂੰ ਤੋੜ ਕੇ ਪਾਣੀ ਦੀ ਨਿਕਾਸੀ ਕਰਵਾਈ ਗਈ ਸੀ। ਪਰ ਇਸ ਵੇਲੇ ਉਕਤ ਰਸਤੇ ਨੂੰ ਤੋੜੇ ਜਾਣ ਦੇ ਵਿਰੋਧ ਵਿਚ ਪਿੰਡ ਬੂੜਚੰਦ ਡੱਟ ਗਿਆ ਹੈ ਅਤੇ ਦੋਵੇਂ ਪਾਸੇ ਬਣੀ ਕਸ਼ਮਕਸ਼ ਦੇ ਚੱਲਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇਲਾਕੇ ਵਿਚ ਭਾਰੀ ਬਰਸਾਤ ਹੋਈ। ਜਿਸਦੇ ਚੱਲਦਿਆਂ ਸੂਰਵਿੰਡ, ਭੈਣੀ ਗੁਰਮੁੱਖ ਸਿੰਘ ਤੇ ਘੁਰਕਵਿੰਡ ਦੇ ਇਲਾਕੇ ਵਿਚ ਭਾਣੀ ਭਰ ਗਿਆ। ਪ੍ਰਿਤਪਾਲ ਸਿੰਘ ਸੂਰਵਿੰਡ ਅਤੇ ਨਛੱਤਰ ਸਿੰਘ ਭੈਣੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਵੇਲੇ ਤਿੰਨਾਂ ਪਿੰਡਾਂ ਦੀ 300 ਏਕੜ ਦੇ ਕਰੀਬ ਜ਼ਮੀਨ ਵਿਚ ਪਾਣੀ ਭਰਿਆ ਪਿਆ ਹੈ ਅਤੇ 100 ਤੋਂ ਵੱਧ ਏਕੜ ਜਮੀਨ ਵਿਚ ਤਾਂ 5-5 ਫੁੱਟ ਦੇ ਕਰੀਬ ਪਾਣੀ ਜਮ੍ਹਾਂ ਹੋ ਚੁੱਕਾ ਹੈ। ਜਿਸਦੇ ਚੱਲਿਦਆਂ ਝੋਨੇ ਦੀ ਫਸਲ ਤਬਾਹ ਹੋਣ ਕਿਨਾਰੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਲਿੰਕ ਸੜਕਾਂ ਦੇ ਹੋਏ ਨਿਰਮਾਣ ਅਤੇ ਨੈਸ਼ਨਲ ਹਾਈਵੇ ਦੇ ਉੱਚਾ ਹੋ ਜਾਣ ਕਾਰਨ ਪਾਣੀ ਦੀ ਨਿਕਾਸੀ ਨੂੰ ਰੋਕ ਲੱਗ ਗਈ ਹੈ। ਜਿਸ ਕਰਕੇ ਇਨ੍ਹਾਂ ਤਿੰਨਾ ਪਿੰਡਾਂ ਦਾ ਪਾਣੀ ਅੱਗੇ ਨਹੀਂ ਵਧ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਮਾਰ ਹੇਠ ਆਏ ਤਿੰਨਾਂ ਪਿੰਡਾਂ ਦੇ ਲੋਕ ਜਿੱਥੋਂ 2019 ਵਿਚ ਪਾਣੀ ਦੀ ਨਿਕਾਸੀ ਕੀਤੀ ਗਈ ਸੀ, ਉਥੋਂ ਹੀ ਇਸ ਵਾਰ ਵੀ ਨਿਕਾਸੀ ਕਰਵਾਉਣ ’ਤੇ ਅੜੇ ਸਨ। ਉਥੇ ਹੀ ਬੂੜਚੰਦ ਵਾਸੀ ਕਿਸੇ ਹੋਰ ਜਗ੍ਹਾ ਤੋਂ ਰਸਤਾ ਤੋੜਨ ਦੀ ਮੰਗ ਕਰ ਰਹੇ ਸਨ। ਖਬਰ ਲਿਖੇ ਜਾਣ ਤੱਕ ਦੇਰ ਸ਼ਾਮ ਪ੍ਰਸ਼ਾਸਨ ਵੱਲੋਂ ਮੰਗਵਾਈ ਗਈ ਜੇਸੀਬੀ ਨਾਲ ਪਾਣੀ ਦੀ ਨਿਕਾਸੀ ਇਕ ਪੁਲੀ ਕੋਲੋਂ ਰਸਤਾ ਤੋੜ ਕੇ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button