
ਲੁਧਿਆਣਾ, 13 ਜੂਨ : ਦੋ ਸਾਲਾਂ ਤੋਂ ਆਪਣੀ ਵਿਵਾਦਤ ਸਮੱਗਰੀ ਕਾਰਨ ਫੇਸਬੁੱਕ ‘ਤੇ 7.76 ਲੱਖ, ਇੰਸਟਾਗ੍ਰਾਮ ‘ਤੇ 3.83 ਲੱਖ ਅਤੇ ਯੂਟਿਊਬ ‘ਤੇ 2.72 ਲੱਖ ਫਾਲੋਅਰ ਬਣਾਉਣ ਵਾਲੀ ਸ਼ਹਿਰ ਦੇ ਡਾਬਾ ਰੋਡ ਸਥਿਤ ਲਕਸ਼ਮਣ ਨਗਰ ਦੀ ਵਾਸੀ ਇੰਟਰਨੈਟ ਮੀਡੀਆ ਇਨਫਲੂਏਂਸਰ ਕਮਲ ਕੌਰ ਭਾਬੀ, ਜਿਸਨੂੰ ਕੰਚਨ ਤਿਵਾੜੀ ਵੀ ਕਿਹਾ ਜਾਂਦਾ ਹੈ, ਦੀ ਮੌਤ ਨਾਲ ਪਰਿਵਾਰ ‘ਚ ਸਦਮਾ ਹੈ। ਉਸਨੇ ਇੰਸਟਾਗ੍ਰਾਮ ‘ਤੇ ਆਪਣੀ ਆਖਰੀ ਪੋਸਟ ‘ਚ ਲਿਖਿਆ, “ਨੋ ਲਵ, ਨੋ ਇਮੋਸ਼ਨ… ਬਸ ਸ਼ੱਕ… ਸ਼ੱਕ… ਸ਼ੱਕ…”। ਇਸ ਪੋਸਟ ਤੋਂ ਬਾਅਦ ਉਸਨੇ ਇੰਸਟਾਗ੍ਰਾਮ ਪੇਜ ‘ਤੇ ਕੋਈ ਹੋਰ ਪੋਸਟ ਨਹੀਂ ਕੀਤੀ ਤੇ ਪਰਿਵਾਰ ਉਸਦੀ ਦੁਬਾਰਾ ਆਵਾਜ਼ ਨਹੀਂ ਸੁਣ ਸਕਿਆ। ਪਿਛਲੇ ਕੁਝ ਮਹੀਨਿਆਂ ਤੋਂ ਕੰਚਨ ਨੂੰ ਉਸਦੀ ਵਿਵਾਦਤ ਸਮੱਗਰੀ ਕਾਰਨ ਲਗਾਤਾਰ ਆਤੰਕੀ ਤੇ ਕੁਝ ਨਿਹੰਗਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ, ਉਸਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਸੀ। ਉਸਦੀ ਭੈਣ ਨੀਤੂ ਨੇ ਕਿਹਾ ਕਿ “ਅਸੀਂ 3 ਭੈਣਾਂ ਤੇ 2 ਭਰਾ ਹਾਂ। ਇਕ ਭੈਣ ਦਾ ਵਿਆਹ ਹੋ ਚੁਕਾ ਹੈ। ਮੰਗਲਵਾਰ ਰਾਤ ਕਰੀਬ 11 ਵਜੇ ਮਾਂ ਨੇ ਕਮਲਜੀਤ ਨੂੰ ਫੋਨ ਕੀਤਾ ਸੀ, ਪਰ ਉਸਦਾ ਨੰਬਰ ਸਵਿੱਚ ਆਫ਼ ਆ ਰਿਹਾ ਸੀ। ਕੰਚਨ ਬਠਿੰਡਾ ਵਿਖੇ ਆਪਣੀ ਗੱਡੀ ਦੀ ਮੁਰੰਮਤ ਦੀ ਗੱਲ ਕਹਿ ਕੇ ਗਈ ਸੀ। ਘਰ ‘ਤੇ ਕਦੇ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਹੋਇਆ। ਉਸਨੂੰ ਕਿਸਨੇ ਮਾਰਿਆ, ਸਾਨੂੰ ਨਹੀਂ ਪਤਾ। ਉਹ ਸਾਰੇ ਪਰਿਵਾਰ ਨੂੰ ਪਾਲ ਰਹੀ ਸੀ। ਪਰਿਵਾਰ ਨੂੰ ਉਸ ‘ਤੇ ਕਾਫੀ ਭਰੋਸਾ ਸੀ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਬਠਿੰਡਾ ਕਿਸੇ ਪ੍ਰੋਡਕਟ ਦੀ ਪ੍ਰਮੋਸ਼ਨ ਕਰਨ ਦੀ ਗੱਲ ਕਰ ਕੇ ਗਈ ਸੀ। ਪੁਲਿਸ ਇਨ੍ਹਾਂ ਦੋਨਾਂ ਬਿਆਨਾਂ ਦੀ ਜਾਂਚ ਕਰ ਰਹੀ ਹੈ। ਡਾਬਾ ਥਾਣੇ ਦੇ ਐਸਐਚਓ ਗੁਰਦਿਆਲ ਸਿੰਘ ਨੇ ਕਿਹਾ ਕਿ ਕੰਚਨ ਵੱਲੋਂ ਲੋਕਲ ਥਾਣੇ ‘ਚ ਧਮਕੀ ਦੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਮਲਜੀਤ ਲੁਧਿਆਣਾ ‘ਚ ਘੱਟ ਆਉਂਦੀ ਸੀ, ਉਹ ਜ਼ਿਆਦਾਤਰ ਚੰਡੀਗੜ੍ਹ ਵਿਚ ਰਹਿੰਦੀ ਸੀ। ਜਾਂਚ ਵਿਚ ਬਠਿੰਡਾ ਪੁਲਿਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।
ਗੁਆਂਢੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਮਲਜੀਤ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਲੁਧਿਆਣਾ ‘ਚ ਰਹਿ ਰਿਹਾ ਹੈ। ਉਹ ਉਨ੍ਹਾਂ ਦੇ ਸਾਹਮਣੇ ਵੱਡੀ ਹੋਈ ਹੈ। ਉਹ ਹਮੇਸ਼ਾ ਸ਼ਰਾਫਤ ਨਾਲ ਪੇਸ਼ ਆਉਂਦੀ ਸੀ। ਲੋਕ ਕਹਿੰਦੇ ਹਨ ਕਿ ਉਹ ਇੰਟਰਨੈਟ ਮੀਡੀਆ ‘ਤੇ ਗਲਤ ਸਮੱਗਰੀ ਪਾਉਂਦੀ ਤੇ ਬੋਲਦੀ ਸੀ, ਪਰ ਉਹ ਮੁਹੱਲੇ ‘ਚ ਅਜਿਹੀ ਨਹੀਂ ਸੀ। ਸਾਨੂੰ ਉਸਦੀ ਮੌਤ ਦਾ ਪਤਾ ਰਾਤ ਸਾਢੇ 9 ਵਜੇ ਲੱਗਾ, ਜਦੋਂ ਪੁਲਿਸ ਉਸਦੇ ਘਰ ਆਈ ਤੇ ਦੱਸਿਆ ਕਿ ਉਸਦੀ ਲਾਸ਼ ਬਠਿੰਡਾ ‘ਚ ਉਸਦੀ ਗੱਡੀ ‘ਚ ਮਿਲੀ ਹੈ।



