ਨਸ਼ਾ ਮੁਕਤੀ ਕੇਂਦਰ ’ਚੋਂ ਪੁਲਿਸ ਮੁਲਾਜ਼ਮ ਤੇ ਨਰਸ ’ਤੇ ਹਮਲਾ ਕਰ ਕੇ 8 ਨਸ਼ੇੜੀ ਫ਼ਰਾਰ, ਦੋ ਵਾਰ ਦਰਜਨ ਭਰ ਮਰੀਜ਼ ਹੋ ਚੁੱਕੇ ਹਨ ਇੱਥੋਂ ਫ਼ਰਾਰ

ਸੰਗਰੂਰ, 24 ਜੁਲਾਈ : ਪਿੰਡ ਘਾਬਦਾਂ ਵਿਚ ਸਥਾਪਤ ਨਸ਼ਾਮੁਕਤੀ ਪੁਨਰਵਾਸ ਕੇਂਦਰ ਵਿਚ ਮੰਗਲਵਾਰ ਰਾਤ ਇਕ ਪੁਲਿਸ ਮੁਲਾਜ਼ਮ ਅਤੇ ਨਰਸ ’ਤੇ ਹਮਲਾ ਕਰ ਕੇ ਅੱਠ ਨਸ਼ੇੜੀ ਫ਼ਰਾਰ ਹੋ ਗਏ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਦਰਜਨ ਭਰ ਮਰੀਜ਼ ਇੱਥੋਂ ਫ਼ਰਾਰ ਹੋ ਚੁੱਕੇ ਹਨ। ਹਰ ਵਾਰੀ ਪੁਨਰਵਾਸ ਕੇਂਦਰ ਦੇ ਸਟਾਫ ’ਤੇ ਹਮਲਾ ਕਰਕੇ ਪਲੇਟਾਂ ਜ਼ਰੀਏ ਕੱਚ ਦੇ ਸ਼ੀਸ਼ੇ ਤੋੜ ਕੇ ਮਰੀਜ਼ ਇੱਥੋਂ ਭੱਜਦੇ ਰਹੇ ਹਨ, ਪ੍ਰੰਤੂ ਇਸ ਦੇ ਬਾਵਜੂਦ ਇੱਥੇ ਸੁਰੱਖਿਆ ਪ੍ਰਬੰਧ ਸਖ਼ਤ ਨਹੀਂ ਹੋਏ। ਲਿਹਾਜ਼ਾ ਨਸ਼ੇ ਦੇ ਮਰੀਜ਼ਾਂ ਨੇ ਇਸ ਵਾਰੀ ਫੇਰ ਸਟਾਫ ’ਤੇ ਹਮਲਾ ਕਰਕੇ ਭੱਜਣ ਵਿਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਮਰੀਜ਼ਾਂ ’ਤੇ ਐੱਨਡੀਪੀਐੱਸ ਐਕਟ ਦੇ ਮਾਮਲੇ ਦਰਜ ਹਨ, ਜਿਨ੍ਹਾਂ ਨੂੰ ਪੁਲਿਸ ਜਾਂ ਅਦਾਲਤ ਦੇ ਹੁਕਮਾਂ ’ਤੇ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਵਿਚ ਪੁੱਜੇ ਜ਼ਖ਼ਮੀ ਏਐੱਸਆਈ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਊਟੀ ਘਾਬਦਾਂ ਦੇ ਨਸ਼ਾਮੁਕਤੀ ਅਤੇ ਪੁਨਰਵਾਸ ਕੇਂਦਰ ਵਿਚ ਲੱਗੀ ਹੋਈ ਹੈ। ਮੰਗਲਵਾਰ ਸ਼ਾਮ ਨੂੰ ਖਾਣੇ ਤੋਂ ਬਾਅਦ ਜਦੋਂ ਇਕ ਨਰਸ ਇਨ੍ਹਾਂ ਮਰੀਜ਼ਾਂ ਨੂੰ ਦਵਾਈ ਲੈਣ ਲਈ ਗਈ ਤਾਂ ਮਰੀਜ਼ਾਂ ਨੇ ਨਰਸ ’ਤੇ ਹਮਲਾ ਕਰ ਦਿੱਤਾ ਅਤੇ ਨਰਸ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਈ ਮਰੀਜ਼ਾਂ ਨੇ ਉਸ ਨੂੰ ਗਰਦਨ ਤੋਂ ਫੜ ਲਿਆ ਅਤੇ ਉਸ ਦਾ ਗਲਾ ਘੁੱਟਣ ਮਗਰੋਂ ਉਸ ਦਾ ਸਿਰ ਕੰਧ ’ਚ ਮਾਰ ਦਿੱਤਾ। ਇੱਕ ਨੇ ਉਸ ਦੀ ਲੱਤ ’ਤੇ ਵੀ ਹਮਲਾ ਕੀਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਪੁਲਿਸ ਮੁਲਾਜ਼ਮ ਨੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕਰਨ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਡੀ.ਐੱਸ.ਪੀ ਸੰਗਰੂਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਨਸ਼ਾਮੁਕਤੀ ਪੁਨਰਵਾਸ ਕੇਂਦਰ ਵਿਚੋਂ ਭੱਜਣ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਰੀਜ਼ਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਨਸ਼ੇ ਦੀ ਗ੍ਰਿਫ਼ਤ ਤੋਂ ਆਜ਼ਾਦ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਵਿਚ ਮਰੀਜ਼ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਜਾਂਦੇ ਹਨ, ਜਿਸ ਕਾਰਨ ਉਹ ਅਜਿਹੇ ਕਦਮ ਚੁੱਕ ਲੈਂਦੇ ਹਨ, ਪ੍ਰੰਤੂ ਉਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।



