
ਮਹਿਲ ਕਲਾਂ, 23 ਜੁਲਾਈ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮਨਾਲ ਵਿਖੇ ਇਕ ਨੌਸਰਬਾਜ਼ ਔਰਤ ਵੱਲੋਂ ਪੁਰਾਣੇ ਭਾਂਡੇ ਬਦਲੇ ਨਵੇਂ ਭਾਂਡੇ ਦੇਣ ਦੀ ਆੜ ’ਚ 2 ਘਰਾਂ ਦੀਆਂ ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਤਿੰਨ ਤੋਲੇ ਸੋਨਾ ਤੇ 8 ਤੋਲੇ ਚਾਂਦੀ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਕੁਲਬੀਰ ਸਿੰਘ ਵਾਸੀ ਮਨਾਲ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਅਣਪਛਾਤੀ ਔਰਤ ਜੋ ਪਿੰਡ ’ਚ ਨਵੇਂ ਭਾਂਡੇ ਵੇਚਣ ਤੇ ਪੁਰਾਣੇ ਭਾਂਡੇ ਖ਼ਰੀਦਣ ਲਈ ਆਈ ਸੀ, ਉਸ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਮੇਰੀ ਨੂੰਹ ਰੀਨਾ ਕੌਰ ਅਤੇ ਨੀਸੂ ਕੌਰ ਤੋਂ ਪੁਰਾਣੇ ਭਾਂਡੇ ਲੈ ਤੇ ਇਕ ਦੋ ਦਿਨ ਬਾਅਦ ਨਵੇਂ ਭਾਂਡੇ ਦੇ ਗਈ। ਉਸ ਤੋਂ ਕੁਝ ਦਿਨ ਬਾਅਦ ਉਹ ਔਰਤ ਫਿਰ ਸਾਡੇ ਘਰ ਆਈ ਸਾਡੀਆਂ ਔਰਤਾਂ ਨੂੰ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਘਰ ’ਚੋਂ ਕੀਮਤੀ ਗਹਿਣੇ ਚੋਰੀ ਕਰ ਲੈ ਗਈ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ’ਚ ਅੱਧਾ ਤੋਲਾ ਛਾਪ, ਅੱਧਾ ਤੋਲਾ ਕਾਟਾ, ਅੱਠ ਤੋਲੇ ਦੀਆਂ ਪੈਰਾਂ ਦੀਆਂ ਝਾਂਜਰਾਂ ਅਤੇ ਮੰਗਲਸੂਤਰ ਆਦਿ ਸਨ। ਇਸ ਤੋਂ ਇਲਾਵਾ, ਉਸ ਔਰਤ ਨੇ ਦੂਜੇ ਘਰ ’ਚ ਦਾਖਲ ਹੋ ਕੇ ਭਰਜਾਈ ਰੇਖਾ ਕੌਰ ਦੀਆਂ ਅੱਧੇ ਤੋਲੇ ਦੀਆਂ ਸੋਨੇ ਦੀਆਂ ਬਾਲੀਆਂ ਅਤੇ ਚਾਂਦੀ ਦੀਆਂ ਝਾਂਜਰਾਂ ਵੀ ਚੋਰੀ ਕਰ ਲਿਆ। ਕੁਲਬੀਰ ਸਿੰਘ ਨੇ ਕਿਹਾ ਕਿ ਚੋਰੀ ਦੇ ਸਮੇਂ ਘਰਾਂ ਦੇ ਮਰਦ ਮਜ਼ਦੂਰੀ ਲਈ ਬਾਹਰ ਸਨ ਅਤੇ ਘਰ ’ਚ ਸਿਰਫ ਔਰਤਾਂ ਹੀ ਮੌਜੂਦ ਸਨ, ਜਿਸਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਇਹ ਚੋਰੀ ਕੀਤੀ ਗਈ। ਇਸ ਘਟਨਾ ਸਬੰਧੀ ਥਾਣਾ ਠੁੱਲੀਵਾਲ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਐਸੀਆਂ ਔਰਤਾਂ, ਜੋ ਭਾਂਡੇ ਵੇਚਣ ਲਈ ਪਿੰਡਾਂ ’ਚ ਆਉਂਦੀਆਂ ਹਨ, ਉਨ੍ਹਾਂ ਦੀ ਜਾਂਚ-ਪੜਤਾਲ ਕੀਤੀ ਜਾਵੇ ਅਤੇ ਐਸੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।



