Punjab

ਮਨੁੱਖੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਦਾ ਆਪ੍ਰੇਸ਼ਨ ‘ਜੀਵਨ ਜੋਤ’ ਸ਼ੁਰੂ

DNA ਟੈਸਟ ਕਰਵਾਉਣ ਲਈ ਭਿਖਾਰੀਆਂ ਦੀ ਫੜੋ- ਫੜੀ ਸ਼ੁਰੂ

ਅੰਮਿ੍ਤਸਰ, 18 ਜੁਲਾਈ : ਪੰਜਾਬ ਸਰਕਾਰ ਵਲੋਂ ਸੂਬੇ ਭਰ ’ਚ ਭੀਖ ਮੰਗ ਰਹੇ ਬੱਚਿਆਂ ਦਾ ਸ਼ੱਕ ਹੋਣ ’ਤੇ ਡੀਐੱਨਏ ਟੈਸਟ ਕਰਵਾਉਣ ਦੇ ਐਲਾਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਭਿਖਾਰੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਥਾਣਾ ਰਣਜੀਤ ਐਵੇਨਿਊ ’ਚ ਇਕ ਮਹਿਲਾ ਭਿਖਾਰੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਗੋਲਡਨ ਏਰੀਆ ’ਚ ਭੀਖ ਮੰਗ ਰਹੇ ਪੰਜ ਬੱਚਿਆਂ ਤੇ ਛੇ ਔਰਤਾਂ ਨੂੰ ਹਿਰਾਸਤ ’ਚ ਲਿਆ ਹੈ। ਇਸੇ ਤਰ੍ਹਾਂ ਮੋਹਾਲੀ ’ਚ ਵੀ ਚਾਈਲਡ ਵੈਲਫੇਅਰ ਅਫ਼ਸਰ ਨਵਪ੍ਰੀਤ ਕੌਰ ਦੀ ਅਗਵਾਈ ’ਚ ਪੁਲਿਸ ਟੀਮ ਨੇ ਭੀਖ ਮੰਗ ਰਹੇ 12 ਬੱਚਿਆਂ ਨੂੰ ਹਿਰਾਸਤ ’ਚ ਲਿਆ ਹੈ। ਇਨ੍ਹਾਂ ਦੇ ਮਾਤਾ-ਪਿਤਾ ਦਾ ਦਾਅਵਾ ਕਰਨ ਵਾਲਿਆਂ ਨੂੰ ਇਸ ਦੇ ਸਬੂਤ ਲਿਆਉਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਅੰਮਿ੍ਰਤਸਰ ਤੇ ਮੋਹਾਲੀ ’ਚ ਭੀਖ ਮੰਗ ਰਹੇ ਸਾਰੇ ਬੱਚਿਆਂ ਦੀ ਉਮਰ ਤਿੰਨ ਤੋਂ 16 ਸਾਲ ਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਕੋਈ ਸਬੂਤ ਨਹੀਂ ਦੇ ਸਕੇ ਤਾਂ ਫਿਰ ਇਨ੍ਹਾਂ ਦਾ ਮਨਜ਼ੂਰੀ ਲੈਣ ਤੋਂ ਬਾਅਦ ਡੀਐੱਨਏ ਟੈਸਟ ਕਰਵਾਇਆ ਜਾਏਗਾ। ਡੀਐੱਨਏ ਰਿਪੋਰਟ ਤੋਂ ਪਤਾ ਲਗਾਇਆ ਜਾਏਗਾ ਕਿ ਜਿਹੜੇ ਬੱਚੇ ਭੀਖ ਮੰਗ ਰਹੇ ਹਨ ਉਹ ਅਸਲ ’ਚ ਇਨ੍ਹਾਂ ਦੇ ਹਨ ਜਾਂ ਮਨੁੱਖੀ ਤਸਕਰੀ ਰਾਹੀਂ ਇੱਥੇ ਭੇਜੇ ਗਏ ਹਨ। ਅੰਮਿ੍ਰਤਸਰ ਦੀ ਗੱਲ ਕਹੀਏ ਤਾਂ ਇੱਥੇ ਬਾਲ ਭਿਖਾਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੰਮਿ੍ਰਤਸਰ ਦੇ ਪਾਸ਼ ਇਲਾਕਿਆਂ ’ਚ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੀ ਗੋਦ ਵਿਚ ਜਿਹੜੇ ਬੱਚੇ ਹਨ ਉਹ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੇ ਨਹੀਂ ਲੱਗਦੇ। ਸਮਾਜਿਕ ਭਲਾਈ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਅੰਮਿ੍ਰਤਸਰ ’ਚ 600 ਭਿਖਾਰੀ ਹਨ ਜਦਕਿ ਅਸਲ ’ਚ ਇਨ੍ਹਾਂ ਦੀ ਗਿਣਤੀ 1500 ਤੋਂ ਦੋ ਹਜ਼ਾਰ ਤੱਕ ਮੰਨੀ ਜਾ ਰਹੀ ਹੈ। ਜ਼ਿਆਦਾਤਰ ਭਿਖਾਰੀ ਰੇਲਵੇ ਸਟੇਸ਼ਨ, ਹਾਲ ਗੇਟ, ਬੱਸ ਸਟੈਂਡ, ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ, ਸ੍ਰੀ ਦੁਰਗਿਆਨਾ ਮੰਦਰ, ਲਾਰੈਂਸ ਰੋਡ, ਰਣਜੀਤ ਐਵੇਨਿਊ ਆਦਿ ਖੇਤਰਾਂ ’ਚ ਘੁੰਮਦੇ ਹਨ। ਅੰਮਿ੍ਰਤਸਰ ਤੇ ਮੋਹਾਲੀ ’ਚ ਫੜੇ ਗਏ ਬੱਚਿਆਂ ਤੇ ਔਰਤਾਂ ਨੂੰ ਬਾਲ ਸੁਧਾਰ ਘਰ ’ਚ ਰੱਖਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button