ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੇ ਇਸ਼ਤਿਹਾਰ ’ਚ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਕਰਨ ਦੀ ਕੀਤੀ ਨਿਖੇਧੀ
ਕਿਹਾ- ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾੜ

ਅੰਮ੍ਰਿਤਸਰ, 25 ਮਈ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ਼ਤਾਬਦੀਆਂ ਬਾਰੇ ਸੁਝਾਅ ਲੈਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਵਿਚ ਸ੍ਰੀ ਦਰਬਾਰ ਸਾਹਿਬ ਦੀ ਵਰਤੀ ਗਈ ਤਸਵੀਰ ਨੂੰ ਕੰਪਿਊਟਰ ਤਕਨੀਕ ਨਾਲ ਵਿਗਾੜਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰ ਦੀ ਇਹ ਹਰਕਤ ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਸਿੱਖ ਧਰਮ ਨਾਲ ਸਬੰਧਤ ਕੋਈ ਵੀ ਤਸਵੀਰ ਛਾਪਣ ਤੋਂ ਪਹਿਲਾਂ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਸੀ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਸ਼ਰਧਾ ਦਾ ਕੇਂਦਰ ਹੈ ਤੇ ਸੰਸਾਰ ਭਰ ਦੇ ਸਿੱਖ ਆਪਣੇ ਮਨਾਂ ਅੰਦਰ ਇਸ ਪਾਵਨ ਅਸਥਾਨ ਦੇ ਸਰੂਪ ਨੂੰ ਵਸਾ ਕੇ ਰੱਖਦੇ ਹਨ। ਇਸ ਦੀ ਏਆਈ ਤਕਨੀਕ ਨਾਲ ਬਣਾਈ ਗਈ ਗ਼ਲਤ ਤਸਵੀਰ ਵਿਚ ਨਾ-ਸਿਰਫ਼ ਸ਼ਰਧਾ ਨਾਲ ਖਿਲਵਾੜ ਕੀਤਾ ਗਿਆ ਹੈ, ਸਗੋਂ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਆਭਾ ਨੂੰ ਖੰਡਤ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਰਬਾਰ ਸਾਹਿਬ ਦੀਆਂ ਇੰਟਰਨੈੱਟ ਉੱਤੇ ਸੈਂਕੜੇ ਤਸਵੀਰਾਂ ਮਿਲਣ ਦੇ ਬਾਵਜੂਦ ਕੰਪਿਊਟਰ ਰਾਹੀਂ ਛੇੜਛਾੜ ਕਰ ਕੇ ਇਸ ਨੂੰ ਵਿਗਾੜਣ ਦੀ ਹਰਕਤ ਬੇਹੱਦ ਦੁਖਦਾਈ ਹੈ, ਜਿਸ ਬਾਰੇ ਸਰਕਾਰ ਸਪੱਸ਼ਟ ਕਰੇ ਤੇ ਤੁਰੰਤ ਮੁਆਫ਼ੀ ਮੰਗੇ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼ਤਾਬਦੀਆਂ ਦੇ ਸਮਾਗਮ ਮਨਾਉਣੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ, ਜਦਕਿ ਸਰਕਾਰ ਦਾ ਫ਼ਰਜ਼ ਗੁਰੂ ਸਾਹਿਬ ਨਾਲ ਸਬੰਧਤ ਸ਼ਹਿਰਾਂ ਦੇ ਵਿਕਾਸ ਕਾਰਜ ਕਰਨੇ, ਸੜਕੀ ਢਾਂਚਾ ਵਿਕਸਤ ਕਰਨਾ ਤੇ ਸ਼੍ਰੋਮਣੀ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰ ਕੇ ਢੁੱਕਵੀਆਂ ਯਾਦਗਾਰਾਂ ਸਥਾਪਤ ਕਰਨਾ ਹੈ।



