
ਤਰਨਤਾਰਨ, 16 ਜੁਲਾਈ : ਤਰਨਤਾਰਨ ਦੇ ਇਕ ਕਾਰੋਬਾਰੀ ਕੋਲੋਂ ਵਿਦੇਸ਼ ’ਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਵੱਲੋਂ 30 ਲੱਖ ਦੀ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਨਾ ਦੇਣ ਦੀ ਸੂਰਤ ’ਚ ਦੁਕਾਨ ਅੱਗੇ ਗੋਲ਼ੀਆਂ ਚਲਾਉਣ ਤੇ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਤਰਨਤਾਰਨ ਦੇ ਰੇਲਵੇ ਰੋਡ ਵਾਸੀ 31 ਸਾਲਾ ਇਕ ਕਾਰੋਬਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 22 ਮਈ ਨੂੰ ਰਾਤ ਕਰੀਬ ਪੌਣੇ 8 ਵਜੇ ਉਸ ਦੇ ਮੋਬਾਈਲ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਵ੍ਹਟਸਐੱਪ ਕਾਲ ਆਈ ਅਤੇ ਅੱਗੋਂ ਬੋਲਣ ਵਾਲੇ ਨੇ ਆਪਣਾ ਨਾਂ ਪ੍ਰਭ ਦਾਸੂਵਾਲ ਦੱਸਿਆ। ਉਸ ਨੇ 30 ਲੱਖ ਦੀ ਫਿਰੌਤੀ ਮੰਗੀ ਅਤੇ ਇਹ ਵੀ ਕਿਹਾ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਦੀ ਦੁਕਾਨ ’ਤੇ ਗੋਲ਼ੀਆਂ ਮਾਰੀਆਂ ਜਾਣਗੀਆਂ। ਉਸਨੇ ਸ਼ਿਕਾਇਤ ’ਚ ਦੱਸਿਆ ਕਿ 6 ਜੂਨ ਦੀ ਰਾਤ ਕਰੀਬ 8 ਵਜੇ ਉਸ ਨੂੰ ਦੁਬਾਰਾ ਫਿਰੌਤੀ ਦੀਆਂ ਕਾਲਾਂ ਆਈਆਂ ਤੇ 11 ਜੁਲਾਈ ਨੂੰ ਵੀ ਕਾਲ ਤੇ ਵਾਈਸ ਮੈਸੇਜ਼ ਵੀ ਆਏ ਅਤੇ ਪ੍ਰਭ ਦਾਸੂਵਾਲ ਨੇ ਫਿਰੌਤੀ ਦੀ ਰਕਮ ਨਾ ਦਿੱਤੇ ਜਾਣ ਦੀ ਸੂਰਤ ’ਚ ਜਾਨੀ ਨੁਕਸਾਨ ਦੀ ਧਮਕੀ ਦਿੱਤੀ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਦੀ ਅਗਲੀ ਜਾਂਚ ਏਐੱਸਆਈ ਪ੍ਰਦੁਮਣ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



