Punjab

ਭਿਆਨਕ ਸੜਕ ਹਾਦਸੇ ’ਚ ਡਾਕਟਰ ਦੀ ਮੌਤ

ਲੁਧਿਆਣਾ, 29 ਜੂਨ : ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਲੁਧਿਆਣਾ ਦੇ ਇੱਕ ਨਾਮਵਰ ਡਾਕਟਰ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਡਾਕਟਰ ਗਗਨਦੀਪ ਆਪਣੀ ਕ੍ਰੇਟਾ ਕਾਰ ’ਚ ਸਵਾਰ ਹੋ ਕੇ ਲੁਧਿਆਣਾ ਤੋਂ ਜਗਰਾਓਂ ਜਾ ਰਿਹਾ ਸੀ। ਸੜਕ ਹਾਦਸੇ ਦੌਰਾਨ ਸਵਿਫਟ ਕਾਰ ਸਵਾਰ 5 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਡਾ. ਗਗਨਦੀਪ ਸਿੰਘ ਜਮਾਲਪੁਰ ਇਲਾਕੇ ਦੇ ਰਹਿਣ ਵਾਲੇ ਸਨ। ਕਿਸੇ ਕੰਮ ਲਈ ਉਹ ਆਪਣੀ ਕਾਰ ’ਚ ਲੁਧਿਆਣਾ ਤੋਂ ਜਗਰਾਓਂ ਵੱਲ ਰਵਾਨਾ ਹੋਏ। ਉਹ ਜਿਓਂ ਹੀ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪਹੁੰਚੇ ਤਾਂ ਪਹਿਲਾਂ ਉਨ੍ਹਾਂ ਦੀ ਕਾਰ ਇੱਕ ਮੋਟਰਸਾਈਕਲ ਨਾਲ ਟਕਰਾ ਗਈ। ਇਸੇ ਦੌਰਾਨ ਡਾ. ਗਗਨਦੀਪ ਦੀ ਕ੍ਰੇਟਾ ਕਾਰ ਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇਸ ਕਦਰ ਭਿਆਨਕ ਸੀ ਕਿ ਕ੍ਰੇਟਾ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਡਾ. ਗਗਨਦੀਪ ਦੇ ਸਿਰ ਤੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ। ਇਸ ਹਾਦਸੇ ਦੌਰਾਨ ਸਵਿਫਟ ਕਾਰ ਦੇ ਪਿਛਲੇ ਦੋਵੇਂ ਟਾਇਰ ਫਟ ਗਏ ਤੇ ਉਹ ਬੂਟ ’ਚ ਫਸ ਗਏ। ਆਲੇ ਦੁਆਲੇ ਦੇ ਲੋਕਾਂ ਨੇ ਜ਼ਖਮੀਆਂ ਨੂੰ ਕਾਰ ’ਚੋਂ ਬਾਹਰ ਕੱਢਿਆ। ਸੂਤਰਾਂ ਮੁਤਾਬਕ ਸਵਿਫਟ ਕਾਰ ਸਵਾਰ ਵਿਅਕਤੀ ਇੱਕ ਸਮਾਗਮ ’ਚ ਸ਼ਾਮਲ ਹੋਣ ਲਈ ਫਤਿਹਾਬਾਦ ਤੋਂ ਜਲੰਧਰ ਆਏ ਸਨ। ਦੇਰ ਹੋਣ ਕਾਰਨ ਉਹ ਲੁਧਿਆਣਾ ’ਚ ਹੀ ਰੁਕ ਗਏ। ਅੱਜ ਜਿਵੇਂ ਹੀ ਉਹ ਫਤਿਹਾਬਾਦ ਵਾਪਸ ਰਵਾਨਾ ਹੋਣ ਲੱਗੇ ਤਾਂ ਇਹ ਹਾਦਸਾ ਵਾਪਰ ਗਿਆ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਟ੍ਰੈਫਿਕ ਟੋ ਵੈਨ ਦੀ ਮਦਦ ਨਾਲ ਵਾਹਨਾਂ ਨੂੰ ਸੜਕਾਂ ਤੋਂ ਹਟਾਇਆ ਗਿਆ। ਜਾਣਕਾਰੀ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਡਾ. ਗਗਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਜਲਦੀ ਹੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਥਾਣਾ ਸਰਾਭਾ ਨਗਰ ਦੇ ਇੰਚਾਰਜ ਇੰਸ. ਮਧੂਬਾਲਾ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਬਾਰੇ ਪਤਾ ਲਾਉਣ ਲਈ ਪੜਤਾਲ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button