
ਜਲੰਧਰ, 16 ਜੁਲਾਈ : ਵਿਧਾਇਕ ਰਮਨ ਅਰੋੜਾ (MLA Raman Arora) ਦੇ ਪੁੱਤਰ ਰਾਜਨ ਅਰੋੜਾ (Rajan Arora) ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਅਦਾਲਤ ਨੇ ਗ੍ਰਿਫ਼ਤਾਰੀ ‘ਤੇ ਰੋਕ ਅਤੇ ਜਾਂਚ ਵਿਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਰਮਨ ਅਰੋੜਾ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਫਰਾਰ ਚਲ ਰਹੇ ਪੁੱਤਰ ਰਾਜਨ ਅਰੋੜਾ ਦੀ ਗ੍ਰਿਫ਼ਤਾਰੀ ‘ਤੇ 24 ਸਤੰਬਰ ਤਕ ਲਈ ਰੋਕ ਲਗਾ ਦਿੱਤੀ ਹੈ। ਦਰਅਸਲ, ਰਾਜਨ ਅਰੋੜਾ ਨੇ ਜ਼ਮਾਨਤ ਲਈ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅੱਜ ਹਾਈ ਕੋਰਟ ਨੇ ਮਨਜ਼ੂਰੀ ਦਿੰਦੇ ਹੋਏ ਇਹ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਰਮਨ ਅਰੋੜਾ ਦੇ ਫਰਾਰ ਚੱਲ ਰਹੇ ਬੇਟੇ ਰਾਜਨ ਅਰੋੜਾ ਤੇ ਕੁੜਮ ਰਾਜੂ ਮਦਾਨ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਲੁਕਆਉਟ ਸਰਕੂਲਰ (LOC) ਵੀ ਜਾਰੀ ਕਰਵਾਇਆ ਸੀ। ਉੱਥੇ ਹੀ, ਹੁਣ ਵਿਧਾਇਕ ਜ਼ਮਾਨਤ ਲਈ ਹਾਈ ਕੋਰਟ ਦੀ ਸ਼ਰਨ ਲੈ ਸਕਦਾ ਹੈ। ਰਮਨ ਅਰੋੜਾ ਤੇ ਉਸ ਦੇ ਕੁੜਮ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਦੇ ਬਾਅਦ ਸਿਆਸੀ ਗਲਿਆਰਿਆਂ ‘ਚ ਰਮਨ ਅਰੋੜਾ ਦੇ ਅਸਤੀਫ਼ੇ ਦੇ ਚਰਚੇ ਤੇਜ਼ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਵਿਧਾਇਕ ਉੱਤੇ ਅਸਤੀਫਾ ਦੇਣ ਦਾ ਵੀ ਦਬਾਅ ਹੈ।



