Punjab

ਡੇਰਾ ਬਿਆਸ ਮੁਖੀ ਨੂੰ ਮਿਲਣ ਦੇ ਮਾਮਲੇ ‘ਚ ਹਰਿਆਣਾ ਕਮੇਟੀ ਦੇ ਪ੍ਰਧਾਨ ਝੀਂਡਾ ਨੇ ਅਕਾਲ ਤਖਤ ‘ਤੇ ਮੰਗੀ ਮਾਫ਼ੀ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਤੇ ਹੋਰਨਾਂ ਸਿੰਘ ਸਾਹਿਬਾਨਾਂ ਅੱਗੇ ਪੇਸ਼ ਹੋ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਡੇਰੇ ਜਾ ਕੇ ਮਿਲਣ ਅਤੇ ਸਨਮਾਨਿਤ ਕਰਨ ‘ਤੇ ਆਪਣੇ ਆਪ ਨੂੰ ਸਿੱਖ ਰਹਿਤ ਮਰਿਆਦਾ ਤੋਂ ਉਲਟ ਜਾਣ ‘ਤੇ ਪਛਤਾਵਾ ਕੀਤਾ ਹੈ। ਆਪਣੀ ਇਸ ਭੁੱਲ ਨੂੰ ਮੰਨਦੇ ਹੋਏ ਜਗਦੀਸ਼ ਸਿੰਘ ਝੀਂਡਾ ਨੇ ਸਾਥੀ ਮੈਂਬਰਾਂ ਸਮੇਤ ਪੁੱਜ ਕੇ ਜਥੇਦਾਰਾਂ ਅੱਗੇ ਇਸ ਹੋਈ ਭੁੱਲ ਨੂੰ ਬਖਸ਼ਾਉਣ ਲਈ ਆਪਣੀ ਗਲਤੀ ਨੂੰ ਮੰਨਿਆ ਹੈ। ਝੀਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਜਿਸ ਤੋਂ ਬਾਅਦ ਉਹ ਕੁਝ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਵਾਪਸੀ ਮੌਕੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੂੰ ਮਿਲਣ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਡੇਰਾ ਮੁਖੀ ਨੂੰ ਸਨਮਾਨਿਤ ਵੀ ਕੀਤਾ ਗਿਆ। ਜੋ ਕਿ ਉਨ੍ਹਾਂ ਦੀ ਭੁੱਲ ਸੀ। ਕੀਤੇ ਗਏ ਸਵਾਲ ‘ਚ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਲਗਾਤਾਰ ਤਾਲਮੇਲ ਰੱਖਣਾ ਗਲਤ ਹੈ ਅਤੇ ਇਸ ਲਈ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਾਂਹ ਵੀ ਉਹ ਧਿਆਨ ਰੱਖਣਗੇ ਕਿ ਇਸ ਤਰ੍ਹਾਂ ਦੀ ਭੁੱਲ ਨਾ ਹੋਵੇ।

Related Articles

Leave a Reply

Your email address will not be published. Required fields are marked *

Back to top button