
ਧਰਮਕੋਟ, 27 ਮਈ- ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਨੇੜਲੇ ਪਿੰਡ ਰੋੜ੍ਹਵਾਂ ਨਾਲ ਸਬੰਧਤ ਇਕ ਨੌਜਵਾਨ ਦੀ ਮੌਤ ਨੇ ਇਲਾਕੇ ‘ਚ ਚਿੰਤਾ ਦੀ ਲਹਿਰ ਦੌੜਾ ਦਿੱਤੀ। ਮ੍ਰਿਤਕ ਨੌਜਵਾਨ ਤਾਜਬੀਰ ਸਿੰਘ, ਜੋ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਨਾਜਾਇਜ਼ ਅਸਲੇ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ ਗਿਆ ਸੀ, ਦੀ ਅੱਜ ਸਿਵਲ ਹਸਪਤਾਲ ਕੋਟ ਈਸੇ ਖਾਂ ‘ਚ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮੌਤ ਦਾ ਕਾਰਨ ਪੁਲਿਸ ਹਿਰਾਸਤ ਦੌਰਾਨ ਹੋਇਆ ਕਥਿਤ ਤਸ਼ੱਦਦ ਹੈ। ਪੂਰੀ ਘਟਨਾ ਦੀ ਸ਼ੁਰੂਆਤ 12 ਮਈ ਤੋਂ ਹੋਈ ਸੀ, ਜਦ ਤਾਜਬੀਰ ਸਿੰਘ, ਉਸ ਦੇ ਪਿੰਡ ਰੋੜ੍ਹਵਾਂ ਦੇ ਸਾਥੀ ਗੱਗੂ ਅਤੇ ਪਿੰਡ ਸੈਦਜਲਾਲ ਦੇ ਨੌਜਵਾਨ ਮੇਜਰ ਸਿੰਘ ਨੂੰ ਪੁਲਿਸ ਨੇ ਨਾਜਾਇਜ਼ ਹਥਿਆਰ ਰੱਖਣ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਤਾਜਬੀਰ ਸਿੰਘ ‘ਤੇ ਕੱਢੇ ਗਏ ਅਣਮਨੁੱਖੀ ਤਸ਼ੱਦਦ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ। ਦਾਦਾ ਸੁਰਜੀਤ ਸਿੰਘ, ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਛੁਡਵਾ ਕੇ ਘਰ ਲਿਆ, ਪਰ ਤਾਜਬੀਰ ਦੀ ਸਿਹਤ ਵਿੱਚ ਸੁਧਾਰ ਨਾ ਆਉਣ ਕਾਰਨ ਉਹ ਲੰਬੇ ਸਮੇਂ ਤੋਂ ਜ਼ੇਰੇ ਇਲਾਜ ਸੀ। ਪੁਲਿਸ ਵੱਲੋਂ ਅਜੇ ਤਕ ਘਟਨਾ ਸਬੰਧੀ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ। ਜਦਕਿ ਸੀਆਈਏ ਸਟਾਫ ਮੁਖੀ ਦਲਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਕਦੇ ਹਿਰਾਸਤ ਵਿੱਚ ਨਹੀਂ ਲਿਆ, ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਅਜੇ ਗਾਂਧੀ ਨੇ ਵੀ ਪੁਲਿਸ ਹਿਰਾਸਤ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਇੰਟੈਲੀਜੈਂਸ ਵਿੰਗ ਨੇ ਹਿਰਾਸਤ ‘ਚ ਲਿਆ ਸੀ। ਮੌਤ ਦੀ ਪੁਸ਼ਟੀ ਤੋਂ ਬਾਅਦ ਹਸਪਤਾਲ ‘ਚ ਹਜ਼ਾਰਾਂ ਲੋਕ ਇਕੱਠੇ ਹੋ ਗਏ। ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਬਰਾਹਮਕੇ ਆਪਣੇ ਸਾਥੀਆਂ ਸਮੇਤ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਨਿਪੱਖ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ। ਉਪ-ਪੁਲਿਸ ਕਪਤਾਨ ਨੇ ਪਿੰਡ ਦੇ ਪਤਵੰਤਿਆਂ ਨਾਲ ਗੱਲ ਕਰ ਕੇ ਪਰਿਵਾਰ ਨੂੰ ਪੋਸਟਮਾਰਟਮ ਲਈ ਰਾਜ਼ੀ ਕੀਤਾ ਪਰ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਜਦ ਤਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਇਸ ਮਾਮਲੇ ਨੇ ਸੂਬੇ ‘ਚ ਪੁਲਿਸ ਦੀ ਕਾਰਗੁਜ਼ਾਰੀ ‘ਤੇ ਫੇਰ ਇਕ ਵਾਰ ਸਵਾਲ ਚੁੱਕ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਜਾਂਚ ਕਿਵੇਂ ਹੁੰਦੀ ਹੈ ਤੇ ਪਰਿਵਾਰ ਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ।



