
ਤਰਨਤਾਰਨ, 26 ਜੂਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ’ਚ ਕਥਿਤ ਤੌਰ ’ਤੇ 17 ਸਾਲ ਤੋਂ ਬੰਦੂਆ ਮਜ਼ਦੂਰ ਬਣਾ ਕੇ ਰੱਖੇ ਗਏ ਉੱਤਰਾਖੰਡ ਦੇ ਇਕ ਨੌਜਵਾਨ ਨੂੰ ਪ੍ਰਸ਼ਾਸਨ ਅਤੇ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਮਰਹਾਣਾ ਦੀ ਮਦਦ ਨਾਲ ਬੁੱਧਵਾਰ ਦੇਰ ਰਾਤ ਰੈਸਕਿਊ ਕੀਤਾ ਗਿਆ। ਨੌਜਵਾਨ ਨੂੰ ਰਿਹਾ ਕਰਵਾਉਣ ’ਚ ਤਰਨਤਾਰਨ ਦੀ ਭਾਜਪਾ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਦਰਅਸਲ ਨੌਜਵਾਨ ਦੇ ਪਿੰਡ ਦੀਨੇਵਾਲ ਵਿਚ ਹੋਣ ਸਬੰਧੀ ਚਮੋਲੀ ਦੇ ਐੱਮਪੀ ਵੱਲੋਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਰਾਬਤਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਤਰਨਤਾਰਨ ਦੀ ਭਾਜਪਾ ਟੀਮ ਤੱਕ ਪੁੱਜਾ ਅਤੇ ਰਾਤ ਨੂੰ ਉਕਤ ਨੌਜਵਾਨ ਰਿਹਾ ਕਰਵਾ ਲਿਆ ਗਿਆ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨੌਜਵਾਨ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਣ ਦੇ ਦੋਸ਼ ਹੇਠ ਕੇਸ ਵੀ ਦਰਜ ਕਰ ਲਿਆ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ’ਚ ਗੁੱਜਰਾਂ ਦੇ ਡੇਰੇ ਉੱਪਰ ਇਕ ਨੌਜਵਾਨ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖੇ ਜਾਣ ਸਬੰਧੀ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਦੇ ਸੰਚਾਲਕਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ। ਇਹ ਵੀਡੀਓ ਹੁਸ਼ਿਆਰਪੁਰ ’ਚ ਵਿਆਹੀ ਉੱਤਰਾਖੰਡ ਵਾਸੀ ਰਜੇਸ਼ਵਰੀ ਨੇ ਵੇਖੀ ਤਾਂ, ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਕਿਉਂਕਿ ਵੀਡੀਓ ਵਿਚਲਾ ਬੰਦੂਆ ਮਜ਼ਦੂਰ ਕੋਈ ਹੋਰ ਨਹੀਂ ਬਲਿਕ ਉਸਦਾ 17 ਵਰ੍ਹੇ ਪਹਿਲਾਂ ਲਾਪਤਾ ਹੋਇਆ ਭਰਾ ਰਜੇਸ਼ ਕੁਮਾਰ ਸੀ। ਉਸਨੇ ਆਪਣੇ ਪਿੰਡ ਕੌਬ ਬਲਿਆਰ ਜ਼ਿਲ੍ਹਾ ਚਮੋਲੀ ਉੱਤਰਾਖੰਡ ਰਹਿੰਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਮਾਮਲੇ ਰਾਜ ਦੇ ਬਾਹਰ ਹੋਣ ਕਾਰਨ ਆਪਣੇ ਹਲਕੇ ਦੇ ਐੱਮਪੀ ਅਨਿਲ ਬਲੌਨੀ ਨਾਲ ਰਾਬਤਾ ਕੀਤਾ। ਜਿਨ੍ਹਾਂ ਨੇ ਇਹ ਮਾਮਲਾ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਧਿਆਨ ਵਿਚ ਲਿਆਂਦਾ। ਜਿਸ ਤੋਂ ਬਾਅਦ ਮਾਮਲਾ ਜਿਥੇ ਪੁਲਿਸ ਦੇ ਧਿਆਨ ਵਿਚ ਆਇਆ। ਉਥੇ ਹੀ ਭਾਜਪਾ ਪੰਜਾਬ ਦੇ ਜਨਰਲ ਸਕੱਤਕਰ ਅਨਿਲ ਸਰੀਨ ਨੂੰ ਵੀ ਇਸ ਮਾਮਲੇ ਨੂੰ ਵੇਖਣ ਦੀ ਜਿੰਮੇਵਾਰੀ ਮਿਲੀ ਤਾਂ ਤਰਨਤਾਰਨ ਭਾਜਪਾ ਟੀਮ ਕੋਲ ਵੀ ਇਹ ਮਾਮਲਾ ਪੁੱਜ ਗਿਆ। ਉਨ੍ਹਾਂ ਦੱਸਿਆ ਕਿ ਤਰਨਤਾਰਨ ਸਰਕਲ ਦੇ ਪ੍ਰਧਾਨ ਰੋਹਿਤ ਸ਼ਰਮਾ ਨੇ ਭਾਜਪਾ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ, ਜ਼ਿਲ੍ਹਾ ਜਨਰਲ ਸਕੱਤਰ ਅਮਨ ਅਰੋੜਾ ਅਤੇ ਲੀਗਲ ਸੈੱਲ ਦੇ ਜ਼ਿਲ੍ਹਾ ਸੰਯੋਜਕ ਐਡਵੋਕੇਟ ਬਿਕਰਮ ਅਰੋੜਾ ਤੋਂ ਇਲਾਵਾ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਮਰਹਾਣਾ ਦੇ ਸੇਵਾਦਾਰਾਂ ਸਮੇਤ ਥਾਣਾ ਗੋਇੰਦਵਾਲ ਸਾਹਿਬ ਪੁੱਜੇ ਅਤੇ ਪੀੜ੍ਹਤ ਨੌਜਵਾਨ ਦੇ ਪਰਿਵਾਰ ਸਮੇਤ ਪੁਲਿਸ ਅੱਗੇ ਮਾਮਲਾ ਰੱਖਿਆ।ਸਰਕਲ ਪ੍ਰਧਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਮੁਤਾਬਿਕ ਰਜੇਸ਼ ਕੁਮਾਰ ਜਦੋਂ ਲਾਪਤਾ ਹੋਇਆ ਤਾਂ 17 ਸਾਲ ਦਾ ਸੀ ਅਤੇ ਹੁਣ ਉਸਦੀ ਉਮਰ ਕਰੀਬ 34 ਵਰ੍ਹੇ ਹੈ। ਇਸ ਅਰਸੇ ਦੌਰਾਨ ਰਜੇਸ਼ ਕੁਮਾਰ ਨੂੰ ਬੰਦੂਆ ਮਜ਼ਦੂਰ ਬਣਾ ਕੇ ਗੁੱਜਰਾਂ ਦੇ ਡੇਰੇ ’ਤੇ ਰੱਖਿਆ ਗਿਆ। ਭਾਜਪਾ ਦੀ ਟੀਮ ਅਤੇ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਸਮੇਤ ਥਾਣੇ ਪੁੱਜੀ ਰਜੇਸ਼ ਦੀ ਭੈੇਣ ਰਾਜੇਸ਼ਵਰੀ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰਜੇਸ਼ ਨੂੰ ਜਿਥੇ ਰੈਸਕਿਊ ਕਰ ਲਿਆ। ਉਥੇ ਹੀ ਕਾਨੂੰਨੀ ਕਾਰਵਾਈ ਵੀ ਕਰ ਦਿੱਤੀ ਗਈ ਹੈ। ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਰਜੇਸ਼ ਕੁਮਾਰ ਦੀ ਭੈਣ ਰਾਜੇਸ਼ਵਰੀ ਦੇ ਬਿਆਨਾਂ ’ਤੇ ਡੇਰਾ ਸੰਚਾਲਕ ਮੀਆਂ ਗੁੱਜਰ, ਮਸਕੀਨ ਗੁੱਜਰ ਅਤੇ ਦੀਨ ਗੁੱਜਰ ਪੁੱਤਰ ਮਸੂਮ ਅਲੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।



