
ਲੁਧਿਆਣਾ, 21 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ, ਭਾਜਪਾ ਦੇ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਪਤਨੀ ਆਪਣੇ ਪਤੀਆਂ ਨਾਲ ਚੋਣ ਮੁਹਿੰਮ ’ਚ ਡਟੀਆਂ ਰਹੀਆਂ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਸਾਰੀ ਚੋਣ ਮੁਹਿੰਮ ਦੌਰਾਨ ਚਰਚਾ ’ਚ ਰਹੀ। ਜਾਣਕਾਰੀ ਅਨੁਸਾਰ, ਅਕਾਲੀ ਦਲ ਦੇ ਉਮੀਦਵਾਰ ਐਡ. ਪਰਉਪਕਾਰ ਸਿੰਘ ਘੁੰਮਣ ਦੀ ਪਤਨੀ ਅਰਵਿੰਦਰ ਕੌਰ ਘੁੰਮਣ, ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਪਤਨੀ ਸੁਨੀਤਾ ਗੁਪਤਾ ਤੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਪਤਨੀ ਸੰਧਿਆ ਅਰੋੜਾ ਨੇ ਵੀ ਆਪਣੇ ਪਤੀਆਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਦੀ ਪਤਨੀ ਕੌਂਸਲਰ ਰਹੇ ਹੋਣ ਕਰਕੇ ਪਹਿਲਾਂ ਹੀ ਰਾਜਨੀਤੀ ’ਚ ਸਰਗਰਮ ਸਨ, ਜਦਕਿ ਆਸ਼ੂ ਦੇ ਮੁਕਾਬਲੇ ਚੋਣ ਲੜਨ ਵਾਲੇ ‘ਆਪ’, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ। ਹੋਰ ਤਾਂ ਹੋਰ ਇਨ੍ਹਾਂ ਤਿੰਨੇ ਉਮੀਦਵਾਰਾਂ ਦੀਆਂ ਪਤਨੀਆਂ ਰਾਜਨੀਤੀ ’ਚ ਸਰਗਰਮ ਹੋਣ ਦੀ ਬਜਾਏ ਘਰੇਲੂ ਕੰਮ ਕਾਜ ਕਰਦੀਆਂ ਸਨ ਪਰ ਪਤੀਆਂ ਨੂੰ ਟਿਕਟ ਮਿਲਣ ਤੋਂ ਬਾਅਦ ਉਮੀਦਵਾਰਾਂ ਦੀਆਂ ਪਤਨੀਆਂ ਨੂੰ ਚੋਣ ਮੈਦਾਨ ’ਚ ਆਪਣੇ ਪਤੀਆਂ ਲਈ ਪ੍ਰਚਾਰ ਕਰਨ ਲਈ ਉਤਰਨਾ ਪਿਆ। ਮਮਤਾ ਆਸ਼ੂ ਰਾਜਨੀਤੀ ’ਚ ਹੋਣ ਕਰ ਕੇ ਉਨ੍ਹਾਂ ਨੇ ਆਪਣੇ ਪਤੀ ਭਾਰਤ ਭੂਸ਼ਣ ਆਸ਼ੂ ਦੇ ਬਰਾਬਰ ਸਰਗਰਮੀ ਨਾਲ ਪੂਰੀ ਚੋਣ ਮੁਹਿੰਮ ਚਲਾਈ। ਪੋਲਿੰਗ ਤੋਂ ਇੱਕ ਦਿਨ ਪਹਿਲਾਂ 18 ਜੂਨ ਨੂੰ ਕਾਂਗਰਸੀਆਂ ਦੇ ਨਾਲ ਮਿਲ ਕੇ ਮਮਤਾ ਆਸ਼ੂ ਨੇ ਰਾਸ਼ਨ ਦਾ ਟਰੱਕ ਫੜ੍ਹਿਆ ਤੇ ਪੁਲਿਸ ਵੱਲੋਂ ਜੇਕਰ ਕਿਸੇ ਵੀ ਕਾਂਗਰਸੀ ਵਰਕਰ ਜਾਂ ਸਮਰਥਕ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿੱਥੇ ਆਸ਼ੂ ਆਪ ਨਹੀਂ ਪੁੱਜ ਸਕੇ, ਉੱਥੇ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਪੁੱਜ ਕੇ ਆਪਣੇ ਪਤੀ ਦੀ ਘਾਟ ਨੂੰ ਪੂਰਾ ਕੀਤਾ। ਹੋਰ ਤਾਂ ਹੋਰ ਵੋਟਿੰਗ ਵਾਲੇ ਦਿਨ ਵੀ ਮਮਤਾ ਆਸ਼ੂ ਕਈ ਬੂਥਾਂ ’ਤੇ ਵੋਟਿੰਗ ਦੌਰਾਨ ਨਿਗਰਾਨੀ ਕਰਦੀ ਨਜ਼ਰ ਆਈ ਤੇ ਆਪਣੇ ਘਰੇਲੂ ਮਾਡਲ ਗ੍ਰਾਮ ਵਾਲੇ ਬੂਥਾਂ ’ਤੇ ਉਨ੍ਹਾਂ ਨੇ ਕਿਸੇ ਬਾਹਰੀ ਵਿਅਕਤੀ ਨੂੰ ਖੰਘਣ ਵੀ ਨਹੀਂ ਦਿੱਤਾ।



