ਅਮਨ ਅਰੋੜਾ ਨੇ ਜਾਖੜ ਦੀ ਚੁਣੌਤੀ ਕੀਤੀ ਸਵੀਕਾਰ
ਕਿਹਾ- ਦਿਨ ਤੇ ਥਾਂ ਤੈਅ ਕਰੋ, ਮੈਂ ਸਾਰਿਆਂ ਤੋਂ ਪਹਿਲਾਂ ਕਰਾਵਾਂਗਾ ਡੋਪ ਟੈਸਟ ਤੇ ਜਾਇਦਾਦ ਦਾ ਖੁਲਾਸਾ

ਲੁਧਿਆਣਾ, 12 ਜੂਨ : ਆਮ ਆਦਮੀ ਪਾਰਟੀ (ਆਪ) ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਸਿਆਸਤ ’ਚ ਜ਼ਿਆਦਾ ਪਾਰਦਰਸ਼ਿਤਾ ਤੇ ਜਵਾਬਦੇਹੀ ਦੀ ਵਕਾਲਤ ਕਰਨ ਵਾਲੇ ਬਿਆਨ ਦਾ ਸਵਾਗਤ ਕੀਤਾ ਹੈ। ਜਾਖੜ ਨੇ ਸੁਝਾਅ ਦਿੱਤਾ ਸੀ ਕਿ ਸਾਰੇ ਸਿਆਸੀ ਆਗੂਆਂ ਨੂੰ ਡੋਪ ਟੈਸਟ ’ਚੋਂ ਲੰਘਣਾ ਚਾਹੀਦਾ ਹੈ ਤੇ ਆਪਣੀ ਜਾਇਦਾਦ ਦਾ ਖੁਲਾਸਾ ਕਰਨਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਪਾਰਟੀ ਪ੍ਰਧਾਨਾਂ ਤੋਂ ਹੋਣੀ ਚਾਹੀਦੀ ਹੈ। ਇਸ ਮੁੱਦੇ ’ਤੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਮਨ ਅਰੋੜਾ ਨੇ ਜਾਖੜ ਦੀ ਚੁਣੌਤੀ ਸਵੀਕਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਸੂਬਾਈ ਪ੍ਰਧਾਨ ਦੇ ਰੂਪ ’ਚ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਦਾਹਰਣ ਪੇਸ਼ ਕਰਾਂ। ਮੈਂ ਸਭ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਵੇਰਵਾ ਦੇਣ ਤੇ ਜਾਖੜ ਵਲੋਂ ਤੈਅ ਸਮੇਂ ਤੇ ਸਥਾਨ ’ਤੇ ਡੋਪ ਟੈਸਟ ਕਰਾਉਣ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਪ੍ਰਕਿਰਿਆ ਨੂੰ ਮੀਡੀਆ ਤੇ ਮੈਡੀਕਲ ਪੇਸ਼ੇਵਰਾਂ ਦੀ ਹਾਜ਼ਰੀ ’ਚ ਪਾਰਦਰਸ਼ੀ ਤਰੀਕੇ ਨਾਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਖੜ ਨੂੰ ਕਿਹਾ ਕਿ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨਾਲ ਵੀ ਸਬੰਧ ਰਹੇ ਹਨ, ਅਜਿਹੇ ’ਚ ਤੁਸੀਂ ਉਕਤ ਪਾਰਟੀਆਂ ਦੇ ਆਗੂਆਂ ਨੂੰ ਵੀ ਇਸ ਦੇ ਲਈ ਬੁਲਾਓ। ਅਰੋੜਾ ਨੇ ਕਿਹਾ ਕਿ ਜਾਖੜ ਨੂੰ ਇਸ ਪਹਿਲ ਦਾ ਦਾਇਰਾ ਵਧਾਉਂਦੇ ਹੋਏ ਇਸ ਨੂੰ ਪੰਜਾਬ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਇਮਾਨਦਾਰ ਲੀਡਰਸ਼ਿਪ ਦੀ ਲੋੜ ਤਾਂ ਸਾਰੇ ਦੇਸ਼ ਵਿਚ ਹੈ। ਮੈਂ ਸੁਨੀਲ ਜਾਖੜ ਨੂੰ ਅਪੀਲ ਕਰਦਾ ਹਾਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਇਸ ਬਾਰੇ ਗੱਲ ਕਰਨ। ਮੈਂ ਵੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰਾਂਗਾ ਤਾਂ ਜੋ ਇਹ ਪਾਰਦਰਸ਼ਿਤਾ ਦਾ ਵਿਚਾਰ ਪੂਰੇ ਦੇਸ਼ ’ਚ ਫੈਲ ਸਕੇ। ਅਰੋੜਾ ਨੇ ਸਿਆਸਤ ’ਚ ਜਵਾਬਦੇਹੀ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਜਾਖੜ ਨੂੰ ਆਪਣੇ ਬਿਆਨਾਂ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਕੁਝ ਚੰਗਾ ਸ਼ੁਰੂ ਕੀਤਾ ਹੈ ਤੇ ਮੈਂ ਇਸ ਦੇ ਲਈ ਤੁਹਾਡੀ ਸ਼ਲਾਘਾ ਕਰਦਾ ਹਾਂ। ਆਓ, ਇਸ ਚੁਣੌਤੀ ਨੂੰ ਪੂਰਾ ਕਰ ਕੇ ਪੂਰੇ ਦੇਸ਼ ਲਈ ਇਕ ਸਿਆਸੀ ਮਿਸਾਲ ਪੇਸ਼ ਕਰੀਏ। ਦੇਸ਼ ਨੂੰ ਇਮਾਨਦਾਰ ਆਗੂਆਂ ਦੀ ਲੋੜ ਹੈ। ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਤੇ ‘ਆਪ’ ਦੇ ਬੁਲਾਰੇ ਨੀਲ ਗਰਗ ਵੀ ਮੌਜੂਦ ਸਨ।



