ਸੁਖਬੀਰ ਨੇ ਆਪਣਿਆਂ ਤੇ ਬੇਗਾਨਿਆਂ ਨੂੰ ਮਨਾਉਣ ਦੀ ਮੁਹਿੰਮ ਕੀਤੀ ਸ਼ੁਰੂ
ਪ੍ਰੀਤੀ ਮਲਹੋਤਰਾ ਨੂੰ ਅਕਾਲੀ ਦਲ 'ਚ ਸ਼ਾਮਲ ਕਰ ਕੇ ਆਪ ਨੂੰ ਦਿੱਤਾ ਸਿਆਸੀ ਝਟਕਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 12 ਜੂਨ : ਹਾਲਾਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਜੇ ਦੂਰ ਹਨ, ਪਰ ਸਿਆਸੀ ਪਾਰਟੀਆਂ ਨੇ 2027 ’ਤੇ ਕੇਂਦਰਿਤ ਹੁੰਦਿਆਂ ਅੰਦਰੋ ਅੰਦਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਗੁੱਟਬਾਜ਼ੀ ਸਿਖ਼ਰ ’ਤੇ ਹੈ ਅਤੇ ਪਾਰਟੀ ਦੇ ਇਕ ਧੜੇ ਨੇ ਅਲੱਗ ਤੋਂ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੁੱਸਿਆ ਨੂੰ ਮਨਾਉਣ ਅਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਦੀ ਮੁਹਿੰਮ ਆਰੰਭ ਕਰ ਦਿੱਤੀ ਹੈ। ਪਿਛਲੇ ਦਿਨ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਅਤੇ ਅਨਿਲ ਜੋਸ਼ੀ ਦੀ ਘਰ ਵਾਪਸੀ ਕਰਵਾਈ ਹੈ, ਉਥੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਪ੍ਰੀਤੀ ਮਲੋਹਤਰਾ ਤੇ ਹੋਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਲਿਆ ਹੈ। ਪ੍ਰੀਤੀ ਮਲੋਹਤਰਾ ਦਾ ਅਕਾਲੀ ਦਲ ਵਿਚ ਸ਼ਾਮਲ ਹੋਣਾ ਹੁਕਮਰਾਨ ਧਿਰ ਆਪ ਲਈ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਸੁਖਬੀਰ ਨੇ ਬੀਤੇ ਦਿਨ ਸਾਬਕਾ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਰਹੇ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਵੀ ਪੰਥਕ ਆਗੂਆਂ ਨੂੰ ਇਕੱਠੇ ਹੋਣ ਤੇ ਇੱਕ ਮੰਚ ’ਤੇ ਆਉਣ ਦੀ ਅਪੀਲ ਕੀਤੀ ਸੀ। ਆਮ ਤੌਰ ’ਤੇ ਹੁਕਮਰਾਨ ਧਿਰ ਤੋਂ ਸਿਆਸੀ ਆਗੂ ਘੱਟ ਹੀ ਮੂੰਹ ਮੋੜਦੇ ਹੁੰਦੇ ਹਨ। ਜਦੋਂ ਅਜੇ ਆਪ ਸਰਕਾਰ ਦਾ ਕਰੀਬ ਦੋ ਸਾਲ ਦਾ ਸਮਾਂ ਪਿਆ ਹੈ ਤਾਂ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਵੱਡਾ ਝਟਕਾ ਹੈ। ਕੁੱਝ ਦਿਨ ਪਹਿਲਾਂ ਲੁਧਿਆਣਾ ਦੇ ਨੇਤਾ ਕਮਲਜੀਤ ਸਿੰਘ ਕੜਵਲ ਵੀ ਆਪ ਛੱਡਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਪ੍ਰੀਤੀ ਮਲਹੋਤਰਾ ਅਤੇ ਪਾਰਟੀ ਦੇ ਸਾਬਕਾ ਬੁਲਾਰੇ ਇਕਬਾਲ ਸਿੰਘ ਨੇ ਤਾਂ ਆਪ ਹਾਈਕਮਾਨ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੀ ਹੈ। ਉਹ ਲਗਾਤਾਰ ਪਾਰਟੀਆਂ ਦੀਆਂ ਨੀਤੀਆਂ ’ਤੇ ਅਤੇ ਮੁੱਖ ਮੰਤਰੀ ਨੂੰ ਸਵਾਲ ਖੜ੍ਹੇ ਕਰ ਰਹੇ ਹਨ।



