Punjab

ਪਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਵੱਡੇ ਪੱਧਰ ‘ਤੇ ਬੀਜੀ ਪੂਸਾ 44 ਦੀ ਪਨੀਰੀ, ਖੇਤੀਬਾੜੀ ਵਿਭਾਗ ‘ਤੇ ਉੱਠੇ ਸਵਾਲ, ਕਿਸਾਨਾਂ ਵੱਲੋਂ ਪਨੀਰੀ ਬੀਜਣ ਮੌਕੇ ਕਿੱਥੇ ਸਨ ਅਧਿਕਾਰੀ

ਬਠਿੰਡਾ, 2 ਜੂਨ : ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਸਾ 44 ਝੋਨੇ ਦੀ ਕਿਸਮ ‘ਤੇ ਪਾਬੰਦੀ ਲਾਉਣ ਦੇ ਬਾਵਜੂਦ ਵੱਡੀ ਪੱਧਰ ‘ਤੇ ਕਿਸਾਨਾਂ ਵੱਲੋਂ ਇਸ ਦੀ ਪਨੀਰੀ ਬੀਜੀ ਗਈ ਹੈ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ ਪੂਸਾ 44 ਝੋਨਾ ਨਹੀਂ ਖਰੀਦਿਆ ਜਾਵੇਗਾ, ਜਿਸ ਮਗਰੋਂ ਸਥਿਤੀ ਭੰਬਲਭੂਸੇ ਵਾਲੀ ਪੈਦਾ ਹੋ ਗਈ ਹੈ। ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਤੇ ਅਧਿਕਾਰੀ ਵੀ ਹੁਣ ਖੇਤਾਂ ’ਚ ਪਹੁੰਚ ਕੇ ਪੂਸਾ 44 ਦੀ ਲਾਈ ਗਈ ਪਨੀਰੀ ਸਬੰਧੀ ਕੋਈ ਕਾਰਵਾਈ ਕਰਨਗੇ ਜਾਂ ਨਹੀਂ, ਇਹ ਵੱਡਾ ਸਵਾਲ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਕਿਸਮ ਪੂਸਾ 44 ਸਮੇਤ ਹਾਈਬ੍ਰਿਡ ਬੀਜਾਂ ‘ਤੇ ਪਾਬੰਦੀ ਲਾਈ ਹੋਈ ਹੈ। ਵੱਡੀ ਗੱਲ ਇਹ ਹੈ ਕਿ ਇਸ ਪਾਬੰਦੀ ਦੇ ਬਾਵਜੂਦ ਮਾਲਵੇ ਖਿੱਤੇ ’ਚ ਵੱਡੀ ਪੱਧਰ ‘ਤੇ ਕਿਸਾਨਾਂ ਵੱਲੋਂ ਪਾਬੰਦੀਸ਼ੁਦਾ ਪੂਸਾ 44 ਝੋਨੇ ਦੀ ਪਨੀਰੀ ਬੀਜੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਖਿਆ ਗਿਆ ਹੈ ਕਿ ਸਰਕਾਰ ਪੂਸਾ 44 ਝੋਨੇ ਦੀ ਖਰੀਦ ਨਹੀਂ ਕਰੇਗੀ, ਜਿਸ ਤੋਂ ਬਾਅਦ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ। ਜਿਹੜੇ ਕਿਸਾਨਾਂ ਵੱਲੋਂ ਪੂਸਾ 44 ਝੋਨੇ ਦੀ ਪਨੀਰੀ ਬੀਜੀ ਹੋਈ ਹੈ, ਉਹ ਇਸ ਦੀ ਲਵਾਈ ਵੀ ਕਰਨਗੇ, ਕਿਉਂਕਿ ਸਰਕਾਰ ਵੱਲੋਂ ਪੰਜਾਬ ਵਿਚ ਝੋਨੇ ਦੀ ਲਵਾਈ 1 ਤੋਂ 9 ਜੂਨ ਤੱਕ ਚਾਰ ਪੜਾਵਾਂ ’ਚ ਕਰਵਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਤਾਂ ਪੂਸਾ 44 ਝੋਨੇ ਦਾ ਹੀ ਸਮਾਂ ਹੈ, ਜਦਕਿ ਸਰਕਾਰ ਵੱਲੋਂ ਐਲਾਨੀਆਂ ਪੀਆਰ ਕਿਸਮਾਂ ਦੀ ਪਨੀਰੀ ਦੀ ਜੂਨ ਮਹੀਨੇ ’ਚ ਬਿਜਾਈ ਹੁੰਦੀ ਹੈ। ਕਿਸਾਨਾਂ ਦਾ ਤਰਕ ਹੈ ਕਿ ਪੂਸਾ 44 ਝੋਨਾ ਕਿਸਾਨਾਂ ਦੇ ਵਾਰੇ ਨਿਆਰੇ ਕਰ ਦਿੰਦਾ ਹੈ। ਹੁਣ ਖੇਤੀਬਾੜੀ ਵਿਭਾਗ ‘ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਕਿ ਜਦੋਂ ਕਿਸਾਨਾਂ ਵੱਲੋਂ ਪਾਬੰਦੀਸ਼ੁਦਾ ਬੀਜ ਪੂਸਾ 44 ਦੀ ਪਨੀਰੀ ਬੀਜੀ ਗਈ ਸੀ ਤਾਂ ਖੇਤੀਬਾੜੀ ਵਿਭਾਗ ਕਿੱਥੇ ਸੀ। ਪਤਾ ਲੱਗਾ ਹੈ ਕਿ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਇਸ ਵਾਰ ਦੁੱਗਣੀ ਕੀਮਤ ‘ਤੇ ਪੂਸਾ 44 ਝੋਨੇ ਦਾ ਬੀਜ਼ ਚੋਰੀ ਛੁਪੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button