
ਚੰਡੀਗੜ੍ਹ, 21 ਮਾਰਚ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ‘ਆਪ’ ਸਰਕਾਰ ਨੇ ਰਾਜਨੀਤਕ ਲਾਹਾ ਲੈਣ ਲਈ ਕਿਸਾਨਾਂ ਦਾ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਧਰਨਾ ਲਗਾਇਆ ਸੀ ਅਤੇ ਹੁਣ ਲੁਧਿਆਣਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਉਦਯੋਗਪਤੀਆਂ ਨੂੰ ਖੁਸ਼ ਕਰਨ ਲਈ ਰਾਤੋ-ਰਾਤ ਕਿਸਾਨਾਂ ਦਾ ਧਰਨਾ ਖ਼ਤਮ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫ਼ੀਆ ਬਿਆਨ ਦਿੱਤਾ ਸੀ ਕਿ ਜੇ ਜਗਜੀਤ ਸਿੰਘ ਡੱਲੇਵਾਲ ਜਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜ਼ਬਰਦਸਤੀ ਮੋਰਚੇ ਤੋਂ ਹਟਾਇਆ ਤਾਂ ਸੂਬੇ ਵਿਚ ਅਮਨ- ਕਾਨੂੰਨ ਦੀ ਸਥਿਤੀ ਵਿਗੜ ਜਾਵੇਗੀ ਪਰ ਬੁੱਧਵਾਰ ਦੇਰ ਸ਼ਾਮ ਨੂੰ ਪੁਲਿਸ ਨੇ 20 ਮਿੰਟਾਂ ਵਿਚ ਹੀ ਧਰਨਾ ਖਤਮ ਕਰਵਾ ਦਿੱਤਾ। ਜਾਖੜ ਨੇ ਵੀਰਵਾਰ ਨੂੰ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਲੀਡਰਸ਼ਿਪ ’ਤੇ ਮੱਗਰਮੱਛ ਹੰਝੂ ਵਹਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਕਾਂਗਰਸੀਆਂ ਵਿਚ ਹਿੰਮਤ ਹੈ ਤਾਂ ਉਹ ਲੁਧਿਆਣਾ ਧਰਨਾ ਲਗਾ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਪੂਰੇ ਘਟਨਾਕ੍ਰਮ ਨਾਲ ਕਿਸਾਨ ਲੀਡਰਸ਼ਿਪ ਦਾ ਨਹੀਂ ਮੂਲ ਰੂਪ ਵਿਚ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਹੁਣ ਜਦੋਂ ਕਿਸਾਨ ਆਪਣੀਆਂ ਅਸਲ ਮੰਗਾਂ ਲਈ ਵਿਰੋਧ ਪ੍ਰਦਰਸ਼ਨ ਕਰਨਗੇ ਤਾਂ ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ। ਉਨ੍ਹਾਂ ਕਿਹਾ ਫਰਵਰੀ 2024 ਵਿਚ ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਭਾਜਪਾ ਵਿਰੁੱਧ ਭੜਕਾਉਣ ਲਈ ਧਰਨਾ ਦਿੱਤਾ, ਹੁਣ ਜਦੋਂ ਲੁਧਿਆਣਾ ਵਿਚ ਵਿਧਾਨ ਸਭਾ ਉਪ-ਚੋਣ ਹੈ, ਤਾਂ ਉਸ ਨੂੰ ਇੰਡਸਟਰੀ ਦੀ ਯਾਦ ਆ ਗਈ। ਅੱਜ ਕੇਜਰੀਵਾਲ ਉਦਯੋਗਿਕ ਨੀਤੀ ਲਿਆਉਣ ਦੀ ਗੱਲ ਕਰ ਰਹੇ ਹਨ, ਪਰ ਤਿੰਨ ਸਾਲ ਤੱਕ ਉਦਯੋਗਿਕ ਨੀਤੀ ਯਾਦ ਨਹੀਂ ਰਹੀ। ਜਾਖੜ ਨੇ ਕਿਹਾ ਕਿ ਉਹ ਸ਼ੁਰੂ ਤੋ ਕਹਿੰਦੇ ਸਨ ਕਿ ਇਹ ਲੜਾਈ ਕਿਸਾਨਾਂ ਦੀ ਨਾ ਹੋ ਕੇ ਕਿਸਾਨ ਆਗੂਆਂ ਦੀ ਚੌਧਰ ਦੀ ਹੈ ਕਿਉਂਕਿ ਘੱਟੋ ਘੱਟ ਸਮਰਥਨ ਮੁੱਲ ਲਾਗੂ ਹੋਣ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਅੱਜ ਪੰਜਾਬ ਵਿਚ ਕਿਸਾਨ ਤੇ ਜਵਾਨ ਸੁਰੱਖਿਅਤ ਨਹੀਂ ਹਨ, ਦੋਵਾਂ ਨੂੰ ਕੁੱਟਿਆ ਜਾ ਰਿਹਾ ਹੈ।



