
ਕਰਤਾਰਪੁਰ, 25 ਮਈ- ਬੀਤੇ ਦਿਨ ਕਰਤਾਰਪੁਰ ਪੁਲਿਸ ਨੂੰ ਬੜਾ ਪਿੰਡ ਸਥਿਤ ਮੱਕੀ ਦੇ ਖੇਤਾਂ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਬੋਰੀ ਚ ਬੰਦ ਲਾਸ਼ ਬਰਾਮਦ ਹੋਈ ਸੀ। ਜਿਸ ਦਾ ਕਤਲ ਕਰਕੇ ਸੁੱਟਿਆ ਗਿਆ ਸੀ। ਕਰਤਾਰਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਕਰਵਾਈ। ਜਿਸ ਤੋਂ ਪਤਾ ਲੱਗਿਆ ਕਿ ਮ੍ਰਿਤਕ ਵਿਅਕਤੀ ਦਾ ਨਾਂ ਜਸਵੀਰ ਸਿੰਘ ਪੁੱਤਰ ਕਰਮ ਸਿੰਘ ਜੋ ਕਿ ਪਿੰਡ ਬੋਪਾ ਰਾਏ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਦਾ ਵਸਨੀਕ ਸੀ। ਇਸ ਸਬੰਧੀ ਡੀਐੱਸਪੀ ਕਰਤਾਰਪੁਰ ਵਿਜੇ ਕੁੰਵਰ ਪਾਲ ਤੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ਾ ਕਰਕੇ ਅਕਸਰ ਘਰ ਘਰ ’ਚ ਆਪਣੀ ਪਤਨੀ ਤੇ ਬੇਟੇ ਨਾਲ ਕੁੱਟਮਾਰ ਕਰਦਾ ਸੀ। ਇਸ ਲਈ 23 ਮਈ ਨੂੰ ਉਕਤ ਮ੍ਰਿਤਕ ਜਸਵੀਰ ਸਿੰਘ ਨੇ ਨਸ਼ੇ ਦੀ ਹਾਲਤ ’ਚ ਆਪਣੀ ਪਤਨੀ ਨਾਲ ਲੜਾਈ ਝਗੜਾ ਕੀਤਾ। ਜਿਸ ਕਾਰਨ ਮ੍ਰਿਤਕ ਦੀ ਪਤਨੀ ਨਛੱਤਰ ਕੌਰ ਨੇ ਆਪਣੇ ਲੜਕੇ ਗੁਰਵਿੰਦਰ ਸਿੰਘ ਨਾਲ ਹਮ ਸਲਾਹ ਹੋ ਕੇ ਜਸਬੀਰ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦੀ ਮੌਤ ਹੋ ਗਈ। ਬਾਅਦ ’ਚ ਮਾਂ ਪੁੱਤ ਨੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਉਸਦੇ ਮੂੰਹ ’ਤੇ ਲਿਫਾਫਾ ਬੰਨ ਕੇ ਮ੍ਰਿਤਕ ਸਰੀਰ ਨੂੰ ਬੋਰੀ ’ਚ ਪਾ ਕੇ ਗੱਡੀ ਰਾਹੀਂ ਸਰਾਏ ਰੋਡ ਸਥਿਤ ਬੜਾ ਪਿੰਡ ਸਥਿਤ ਮੱਕੀ ਦੇ ਖੇਤਾਂ ’ਚ ਸੁੱਟ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਜਸਵੀਰ ਕੌਰ ਦੀ ਮਾਤਾ ਸੇਵਾ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਦੋਵੇਂ ਮਾਂ-ਪੁੱਤ ਨੂੰ ਕਾਬੂ ਕਰ ਲਿਆ ਗਿਆ ਹੈ।



