Punjab

ਦੋਸਤਾਂ ਨਾਲ ਗਏ ਨੌਜਵਾਨ ਦੀ ਗੰਦੇ ਨਾਲੇ ਨੇੜਿਓਂ ਮਿਲੀ ਲਾਸ਼

ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਜਲੰਧਰ, 25 ਮਈ- ਸ਼ੁੱਕਰਵਾਰ ਰਾਤ ਆਪਣੇ ਦੋਸਤਾਂ ਨਾਲ ਸਾਈਕਲ ਤੇ ਘੁੰਮਣ ਗਏ ਨਿਊ ਜਵਾਹਰ ਨਗਰ ਵਾਸੀ ਨੌਜਵਾਨ ਦੀ ਲਾਸ਼ ਸ਼ਨਿਚਰਵਾਰ ਸਵੇਰੇ ਫੋਲੜੀਵਾਲ ਦੇ ਗੰਦੇ ਨਾਲੇ ਨੇੜੇ ਮਿਲੀ। ਭਾਵੇਂ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ, ਪਰ ਜਾਂਚ ਅਧਿਕਾਰੀ ਸ਼ੱਕ ਕਰ ਰਹੇ ਹਨ ਕਿ ਨੌਜਵਾਨ ਦੀ ਮੌਤ ਮਿਰਗੀ ਦੇ ਦੌਰੇ ਕਾਰਨ ਹੋਈ ਹੈ। ਹਾਲਾਂਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ, ਪੁਲਿਸ ਨੇ ਸੀਆਰਪੀਸੀ ਦੀ ਧਾਰਾ-174 ਤਹਿਤ ਕਾਰਵਾਈ ਕੀਤੀ ਹੈ। ਕ੍ਰਿਸ਼ਨਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ 19 ਸਾਲਾ ਪੁੱਤਰ ਕੁਲਪ੍ਰੀਤ ਯਾਦਵ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਸਾਈਕਲ ਤੇ ਘਰੋਂ ਨਿਕਲਿਆ ਸੀ ਤੇ ਰਾਤ ਇਕ ਵਜੇ ਤੱਕ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਸਟੇਸ਼ਨ ’ਚ ਦਰਜ ਕਰਵਾਈ ਗਈ। ਪੀੜਤ ਅਨੁਸਾਰ ਸ਼ਨਿਚਰਵਾਰ ਸਵੇਰੇ ਉਸ ਨੂੰ ਜਲੰਧਰ ਹਾਈਟਸ ਪੁਲਿਸ ਚੌਕੀ ਤੋਂ ਫੋਨ ਆਇਆ ਕਿ ਉਸਦੇ ਪੁੱਤਰ ਵਰਗੇ ਦਿਖਾਈ ਦੇਣ ਵਾਲੇ ਇਕ ਨੌਜਵਾਨ ਦੀ ਲਾਸ਼ ਫੋਲੜੀਵਾਲ ਗੰਦੇ ਨਾਲੇ ਕੋਲ ਪਈ ਹੈ। ਇਸ ਤੋਂ ਬਾਅਦ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ ਤੇ ਪਹੁੰਚਿਆ ਤਾਂ ਲਾਸ਼ ਉਨ੍ਹਾਂ ਦੇ ਪੁੱਤਰ ਪ੍ਰੀਤ ਯਾਦਵ ਦੀ ਨਿਕਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਜਲੰਧਰ ਹਾਈਟਸ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਜੋੜਾ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਸ਼ਾਇਦ ਮਿਰਗੀ ਦੇ ਦੌਰੇ ਕਾਰਨ ਹੋਈ ਹੈ ਤੇ ਉਸ ਦੇ ਨੱਕ ਤੇ ਹੱਥ ਤੇ ਸੱਟ ਦੇ ਨਿਸ਼ਾਨ ਸਾਈਕਲ ਤੋਂ ਡਿੱਗਣ ਕਾਰਨ ਹੋ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button