
ਰਾਮਪੁਰਾ ਫੂਲ, 16 ਅਗਸਤ : ਰਾਮਪੁਰਾ ਫੂਲ ਦੇ ਸੇਟ ਜੇਵੀਅਰ ਸਕੂਲ ਦੀ ਬਾਰ੍ਹਵੀ ਕਲਾਸ ਦੀ ਵਿਦਿਆਰਥਣ ਅਪੇਕਸ਼ਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਫਰਦੀਕੋਟ ਵਿਖੇ ਹੋਏ ਰਾਜ ਪੱਧਰੀ ਅਜ਼ਾਦੀ ਦਿਵਸ ਸਮਾਗਮ ਦੌਰਾਨ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ। ਸੇਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡਿਸ ਨੇ ਦੱਸਿਆ ਕਿ ਅਪੇਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਹੀ ਪੰਜਾਬ ਦੇ 25 ਸਰਕਾਰੀ ਸਕੂਲਾਂ ਵਿੱਚ 10 ਹਜ਼ਾਰ ਤੋ ਵੱਧ ਵਿਦਿਆਰਥੀਆਂ ਨੂੰ ਮੁਫਤ ਵੈਦਿਕ ਮੈਥ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਮੈਥ ਵਿਸ਼ੇ ਪ੍ਰਤੀ ਡਰ ਦੂਰ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਇਸ ਵਿੱਚ ਜਿਆਦਾਤਰ ਸਕੂਲ ਪੈਡੂ ਖੇਤਰ ਦੇ ਹਨ ਤੇ ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਲੜਕੀਆਂ ਦੀ ਹੈ । ਇਸ ਦੇ ਨਾਲ ਹੀ ਉਸ ਵੱਲੋ ਖੁਦ ਵੀ 2 ਇੰਡੀਆ ਬੁੱਕ ਰਿਕਾਰਡ, ਮੈਥ ਵਿਸ਼ੇ ਵਿੱਚ 3 ਵਰਲਡ ਰਿਕਾਰਡ ਤੇ 4 ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਅਬੈਕਸ ਮੁਕਾਬਲੇ ਜਿੱਤ ਕੇ ਇਲਾਕੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਇਨ੍ਹਾਂ ਪ੍ਰਾਪਤੀਆਂ ਦੇ ਚਲਦੇ ਮੁੱਖ ਮੰਤਰੀ ਵੱਲੋ ਵਿਦਿਆਰਥਣ ਅਪੇਕਸ਼ਾ ਨੂੰ ਇਸ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਸਨਮਾਨ ਸਮਾਗਮ ਵਿੱਚ ਹੋਰਾਂ ਤੋ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ, ਡੀਜੀਪੀ ਪੰਜਾਬ ਗੋਰਵ ਯਾਦਵ ਅਤੇ ਹੋਰ ਅਧਿਕਾਰੀ ਮੋਜੂਦ ਸਨ।



