ਵਿਜੀਲੈਂਸ ਅਧਿਕਾਰੀਆਂ ਦੀ ਮੁਅੱਤਲੀ ਖ਼ਤਮ ਕਰਨ ’ਤੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਈ ਸਰਕਾਰ
ਬਾਜਵਾ ਤੇ ਮਜੀਠੀਆ ਨੇ ਸਰਕਾਰ 'ਤੇ ਲਾਏ ਇਹ ਦੋਸ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ , 20 ਮਈ-ਪੰਜਾਬ ਸਰਕਾਰ ਨੇ 25 ਅਪ੍ਰੈਲ ਨੂੰ ਜਲੰਧਰ ’ਚ ਡਰਾਈਵਿੰਗ ਲਾਇਸੈਂਸ ਬਣਾਉਣ ’ਚ ਘੁਟਾਲੇ ਦੇ ਮਾਮਲੇ ’ਚ ਮੁਅੱਤਲ ਕੀਤੇ ਦੋ ਪੀਪੀਐੱਸ ਅਧਿਕਾਰੀਆਂ ਹਰਪ੍ਰੀਤ ਸਿੰਘ ਮੰਡੇਰ ਤੇ ਸਵਰਨਦੀਪ ਸਿੰਘ ਦੀ ਮੁਅੱਤਲੀ ਵਾਪਸ ਲੈ ਲਈ ਹੈ। ਜਦਕਿ ਇਸੇ ਮਾਮਲੇ ’ਚ ਮੁਅੱਤਲ ਕੀਤੇ ਗਏ ਆਈਪੀਐੱਸ ਅਧਿਕਾਰੀ ਐਸਪੀਐਸ ਪਰਮਾਰ ਦੀ ਮੁਅੱਤਲੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਐੱਸਐੱਸਪੀ ਵਿਜੀਲੈਂਸ ਮੰਡੇਰ ਤੇ ਏਆਈਜੀ ਫਲਾਇੰਗ ਸਕੂਐਡ ਮੋਹਾਲੀ ਸਵਰਨਦੀਪ ਸਿੰਘ ਦੀ ਮੁਅੱਤਲੀ ਵਾਪਸ ਲੈਣ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਦੇ ਇਰਾਦਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਸਰਕਾਰ ਦੀ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ ਦੀ ਰਾਜਨੀਤੀ ਹੈ। ਜਦਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਜਾਂ ਤਾਂ ਸਰਕਾਰ 25 ਅਪ੍ਰੈਲ ਨੂੰ ਸਹੀ ਸੀ ਜਾਂ ਹੁਣ ਸਹੀ ਹੈ। ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਇਕ ਹਫ਼ਤੇ ’ਚ ਤੀਜੀ ਵਾਰ ਹੈ ਜਦੋਂ ਸਰਕਾਰ ਵਿਰੋਧੀ ਧਿਰ ਹੱਥੋਂ ਬੁਰੀ ਤਰ੍ਹਾਂ ਘਿਰ ਗਈ ਹੈ। ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 12 ਮਈ ਨੂੰ ਮਜੀਠਾ ’ਚ ਜ਼ਹਿਰੀਲੀ ਸ਼ਰਾਬ ਦੀ ਘਟਨਾ ਵਾਪਰ ਗਈ, ਜਿਸ ’ਚ 27 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰ ਲਿਆ ਸੀ ਜਦੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਪੰਜਾਬ ਸਰਕਾਰ ਦੇ ਹੈਲੀਕਾਪਟਰ ’ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠੇ ਸਨ। ਜਦਕਿ ਐਤਵਾਰ ਨੂੰ ਉਨ੍ਹਾਂ ਵਿਜੀਲੈਂਸ ਅਧਿਕਾਰੀਆਂ ਨੂੰ ਬਹਾਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀ ਮੁਅੱਤਲੀ ਨੂੰ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਇਕ ਸਖ਼ਤ ਕਦਮ ਵਜੋਂ ਪ੍ਰਚਾਰਿਆ ਸੀ। ਮਜੀਠੀਆ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ‘ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਯੂ-ਟਰਨ।’ ਜਿਹੜੇ 24-25 ਦਿਨ ਪਹਿਲਾਂ ਭ੍ਰਿਸ਼ਟ ਸਨ, ਉਨ੍ਹਾਂ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਉਹ ਇਮਾਨਦਾਰ ਹਨ ਤੇ ਸਰਕਾਰ ਝੂਠ ਬੋਲ ਰਹੀ ਸੀ। ਮਜੀਠੀਆ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਕੁਝ ਸਿਆਸੀ ਆਗੂਆਂ ਵਿਰੁੱਧ ਵਰਤਿਆ ਜਾਣਾ ਸੀ। ਇਹ ਉਸ ਸਮੇਂ ਸਰਕਾਰ ਨੂੰ ਚੰਗਾ ਨਹੀਂ ਲੱਗਾ। ਹੁਣ ਲੱਗਦਾ ਹੈ ਕਿ ਇਕ ਸਮਝੌਤਾ ਹੋ ਗਿਆ ਹੈ। ਐੱਸਪੀਐੱਸ ਪਰਮਾਰ ਨਾਲ ਅਜਿਹਾ ਨਹੀਂ ਹੋਇਆ। ਇਸੇ ਕਰ ਕੇ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਅਤੇ ਪਰਮਾਰ ਦੀ ਮੁਅੱਤਲੀ ਰੱਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਜਵਾ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ‘ਇਸ ਨੂੰ ਸ਼ਾਸਨ ਨਹੀਂ ਸਗੋਂ ਡਰਾਉਣਾ ਕਿਹਾ ਜਾਂਦਾ ਹੈ।’ ਬਾਜਵਾ ਨੇ ਲਿਖਿਆ, ਨਾ ਸਿਰਫ਼ ਅਧਿਕਾਰੀਆਂ ਦੀ ਮੁਅੱਤਲੀ ਰੱਦ ਕੀਤੀ ਗਈ ਬਲਕਿ ਉਨ੍ਹਾਂ ਨੂੰ ਓਹੀ ਅਹੁਦਾ ਵੀ ਦਿੱਤਾ ਗਿਆ। ਮੁਅੱਤਲੀ ਦੀ ਮਿਆਦ ਨੂੰ ਵੀ ਗਿਣਿਆ ਨਹੀਂ ਗਿਆ। ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ। ਕੀ ਤੁਸੀਂ ਉਨ੍ਹਾਂ ਨੂੰ ਆਪਣੇ ਨਿਯਮਾਂ ਅਨੁਸਾਰ ਚੱਲਣ ਲਈ ਮੁਅੱਤਲ ਕੀਤਾ ਸੀ ਤੇ ਹੁਣ ਉਹ ਤੁਹਾਡੇ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਹਨ?
ਰਾਜਪਾਲ ਨੂੰ ਅੱਜ ਮਿਲੇਗਾ ਭਾਜਪਾ ਦਾ ਵਫ਼ਦ
ਚੰਡੀਗੜ੍ਹ : ਮਜੀਠਾ ’ਚ ਜ਼ਹਿਰੀਲੀ ਸ਼ਰਾਬ ਕਾਰਨ 27 ਲੋਕਾਂ ਦੀ ਮੌਤ ਦੇ ਮਾਮਲੇ ’ਚ ਭਾਜਪਾ ਦਾ ਇਕ ਵਫ਼ਦ ਸੋਮਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇਗਾ। ਇਸ ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਸੁਨੀਲ ਜਾਖੜ ਕਰਨਗੇ। ਜਾਖੜ ਪਹਿਲਾਂ ਹੀ ਸੰਕੇਤ ਦੇ ਚੁੱਕੇ ਸਨ ਕਿ ਉਹ ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਨਗੇ।



