ਧਾਲੀਵਾਲ ਨੇ ਡੌਂਕਰਾਂ ਦੇ ਚੁੰਗਲ ’ਚੋਂ ਛੁਡਵਾਏ ਸੱਤ ਪੰਜਾਬੀ ਮੁੰਡੇ, ਕਿਹਾ- ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ‘ਚ ਨਾ ਭੇਜੋ ਆਪਣੇ ਬੱਚੇ

ਅੰਮ੍ਰਿਤਸਰ, 17 ਮਈ- ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਕੋਲੰਬੀਆ ਤੋਂ ਆਈ ਇਕ ਵੀਡੀਓ, ਜਿਸ ’ਚ ਕੁਝ ਪੰਜਾਬੀ ਮੁੰਡਿਆਂ ਨੂੰ ਉਥੇ ਡੌਕਰਾਂ ਵੱਲੋਂ ਅਗਵਾ ਕਰ ਕੇ ਫਿਰੌਤੀ ਮੰਗੀ ਜਾ ਰਹੀ ਸੀ, ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਸੱਤ ਪੰਜਾਬੀ ਮੁੰਡਿਆਂ ਨੂੰ ਛੁਡਵਾ ਲਿਆ ਹੈ। ਉਕਤ ਜਾਣਕਾਰੀ ਦਿੰਦੇ ਧਾਲੀਵਾਲ ਨੇ ਦੱਸਿਆ ਕਿ ਇਹ ਵੀਡੀਓ ਮਿਲਣ ਮਗਰੋਂ ਉਨ੍ਹਾਂ ਤੁਰੰਤ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆਂ ਦੇ ਦੂਤਘਰ ਨਾਲ ਸੰਪਰਕ ਕੀਤਾ, ਜਿਨਾਂ ਕੁਝ ਹੀ ਘੰਟਿਆਂ ’ਚ ਕਾਰਵਾਈ ਕਰਦੇ ਹੋਏ ਉਕਤ ਮੁੰਡਿਆਂ ਨਾਲ ਰਾਬਤਾ ਕਾਇਮ ਕਰ ਲਿਆ, ਜਿਸ ਦਾ ਸਿੱਟਾ ਇਹ ਹੋਇਆ ਕਿ ਇਨ੍ਹਾਂ ’ਚੋਂ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਹਨ, ਜਦਕਿ ਬਾਕੀ ਪੰਜ ਮੁੰਡੇ ਕੋਲੰਬੀਆ ਦੂਤ ਘਰ ਦੇ ਸੰਪਰਕ ’ਚ ਹਨ ਅਤੇ ਆਉਣ ਵਾਲੇ ਇਕ-ਦੋ ਦਿਨਾਂ ’ਚ ਉਹ ਵੀ ਵਾਪਸ ਭਾਰਤ ਪਹੁੰਚ ਜਾਣਗੇ। ਧਾਲੀਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗ਼ਲਤ ਤਰੀਕਿਆਂ ਰਾਹੀਂ ਵਿਦੇਸ਼ਾਂ ’ਚ ਨਾ ਭੇਜਣ। ਉਨ੍ਹਾਂ ਕਿਹਾ ਕਿ ਇਹ ਰਸਤੇ ਜਿੱਥੇ ਬਹੁਤ ਮਹਿੰਗੇ ਤੇ ਖਤਰਿਆਂ ਭਰੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਂ ਪਿਓ ਨੂੰ ਵਿਦੇਸ਼ਾਂ ਪਿੱਛੇ ਬਲੈਕਮੇਲ ਕਰਨ ਨਾਲੋਂ ਇੱਥੇ ਕੋਈ ਕਾਰੋਬਾਰ ਕਰਕੇ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਕਰਨ, ਜਿਸ ਨਾਲ ਜਿੱਥੇ ਉਹ ਆਪ ਵਧੀਆ ਪੈਸੇ ਕਮਾ ਸਕਣਗੇ ਉੱਥੇ ਉਹ ਕਈਆਂ ਨੂੰ ਰੁਜ਼ਗਾਰ ਵੀ ਦੇ ਸਕਣਗੇ।



