
ਭਵਾਨੀਗੜ੍ਹ, 13 ਮਈ- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਭਵਾਨੀਗੜ੍ਹ ਵੱਲੋਂ ਪਾਕਿਸਤਾਨ ਤੇ ਭਾਰਤ ਦੀ ਨਹੱਕੀ ਜੰਗ ਖ਼ਿਲਾਫ਼ ਅਮਨ-ਸ਼ਾਂਤੀ ਲਈ ਤਿੰਨ ਪਿੰਡਾਂ ਵਿੱਚ ਹਰ ਜਾਤ/ਧਰਮ ਦੇ ਲੋਕਾਂ ਦੇ ਸਾਂਝੇ ਮਾਰਚ ਦੱਢੇ ਗਏ। ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਕੁਲਦੀਪ ਸਿੰਘ ਬਖੋਪੀਰ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਰਘਵੀਰ ਸਿੰਘ, ਸਤਵਿੰਦਰ ਸਿੰਘ ਘਰਾਚੋ ਆਦਿ ਆਗੂਆਂ ਦੀ ਅਗਵਾਈ ਹੇਠ ਸੋਮਵਾਰ ਨੂੰ ਪਾਕਿਸਤਾਨ-ਭਾਰਤ ਦੀ ਨਹੱਕੀ ਜੰਗ ਖ਼ਿਲਾਫ਼ ਅਮਨ-ਸ਼ਾਂਤੀ ਦੀ ਖਾਤਰ ਭਵਾਨੀਗੜ੍ਹ ਬਲਾਕ ਦੇ ਤਿੰਨ ਪਿੰਡਾਂ ਘਰਾਚੋਂ, ਭੱਟੀਵਾਲ ਕਲਾਂ ਅਤੇ ਆਲੋਅਰਖ ਵਿਖੇ ਹਰੇਕ ਜਾਤ/ਧਰਮ ਦੇ ਲੋਕਾਂ ਦੇ ਸਾਂਝੇ ਮਾਰਚ ਕੀਤੇ ਗਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅਹਿਮ ਫੈਸਲਾ ਲਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜੰਗ ਦੀ ਆੜ੍ਹ ਹੇਠ ਸੰਘਰਸ਼ਸ਼ੀਲ ਲੋਕਾਂ ’ਤੇ ਢਾਹੇ ਜਾ ਰਹੇ ਜਬਰ ਵਿਰੁੱਧ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਪੇਂਡੂ ਦੌਰਿਆਂ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਦੇ ਨਾਲ ਸਵਾਲ-ਜਵਾਬ ਬਦ-ਸਤੂਰ ਜਾਰੀ ਰਹਿਣਗੇ।ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਾਨ ਵੱਲੋਂ ਜੰਗ ਨੂੰ ਸੁਨਹਿਰੀ ਮੌਕਾ ਸਮਝ ਕੇ ਕਿਸਾਨਾਂ-ਮਜਦੂਰਾਂ ਦੀਆ ਜ਼ਮੀਨਾਂ ਤੇ ਘਰਾਂ ’ਤੇ ਕਬਜ਼ਿਆਂ ਦੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਪਹਿਲਗਾਮ ਵਿਚ ਅੱਤਵਾਦੀਆਂ ਵੱਲੋਂ ਹਮਲੇ ਦੌਰਾਨ ਕੀਤੇ ਕਤਲੇਆਮ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਆਗੂਆਂ ਨੇ ਦੋਵੇਂ ਦੇਸ਼ਾਂ ਦੀਆਂ ਫੌ਼ਜਾਂ ਵੱਲੋਂ ਇੱਕ-ਦੂਜੇ ਦੇ ਸ਼ਹਿਰਾਂ/ਪਿੰਡਾਂ ’ਤੇ ਡ੍ਰੋਨ, ਮਿਜ਼ਾਈਲਾਂ ਰਾਹੀਂ ਬੰਬ ਸੁੱਟਣ ਤੇ ਨਿਹੱਥੇ ਲੋਕਾਂ ਨੂੰ ਮਾਰ ਮੁਕਾਉਣ ਲਈ ਕੀਤੇ ਜਾ ਰਹੇ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਹਮਲੇ ਤੁਰੰਤ ਬੰਦ ਕਰਨ ਦੇ ਨਾਅਰੇ ਲਗਾਏ। ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਸੰਯੁਕਤ ਮੋਰਚੇ ਵੱਲੋਂ 14 ਤਰੀਕ ਨੂੰ ਡੀਸੀ ਦਫਤਰਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ। ਇਸ ਵਿਚ ਲੋਕਾਂ ਨੂੰ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਘਰਾਚੋਂ ਇਕਾਈ ਦੇ ਆਗੂ ਗੁਰਮੇਲ ਸਿੰਘ, ਪਾਲਾ ਸਿੰਘ, ਬਲਵੀਰ ਸਿੰਘ, ਨਾਹਰ ਸਿੰਘ, ਚਮਕੌਰ ਸਿੰਘ ਭੱਟੀਵਾਲ, ਹਾਕਮ ਸਿੰਘ, ਨੈਬ ਸਿੰਘ, ਜਰਨੈਲ ਸਿੰਘ, ਹਰਪਾਲ ਸਿੰਘ ਆਲੋਅਰਖ, ਜਗਰੂਪ ਸਿੰਘ, ਜਸਪਾਲ ਕੌਰ ਸਮੇਤ ਹੋਰ ਵੀ ਵੱਡੀ ਗਿਣਤੀ ਕਿਸਾਨ-ਮਜ਼ਦੂਰ, ਬੱਚੇ ਤੇ ਮਾਵਾਂ ਭੈਣਾਂ ਸ਼ਾਮਲ ਸਨ।



