
ਭਵਾਨੀਗੜ੍ਹ, 13 ਮਈ-ਨੇੜ੍ਹਲੇ ਪਿੰਡ ਭੜੋ ਵਿਖੇ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀ ’ਚ ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਖ਼ਰਾਬ ਹੋ ਰਹੀਆਂ ਬੋਰੀਆਂ ਨੂੰ ਲੈ ਕੇ ਸੋਮਵਾਰ ਨੂੰ ਕਿਸਾਨਾਂ-ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਮਾਰਕੀਟ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚੋਂ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਤੇ ਲੇਬਰ ਬਹੁਤ ਪਰੇਸ਼ਾਨ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਤੇ ਲਗਾਤਾਰ ਮੀਂਹ ਪੈਣ ਕਾਰਨ ਕਣਕ ਖ਼ਰਾਬ ਹੋ ਰਹੀ ਹੈ ਅਤੇ ਖ਼ਰਾਬ ਕਣਕ ਨੂੰ ਖ਼ਰੀਦ ਏਜੰਸੀਆਂ ਆਪਣੇ ਗੁਦਾਮਾਂ ਵਿੱਚ ਲਹਾਉਣ ਤੋਂ ਇਨਕਾਰ ਕਰ ਰਹੀਆਂ ਹਨ। ਇਸ ਕਾਰਨ ਮਜ਼ਦੂਰ ਵੇਹਲੇ ਬੈਠੇ ਹਨ ਅਤੇ ਆਪਣੇ ਪੱਲਿਓ ਖਰਚਾ ਕਰ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਬਲੈਕਆਊਟ ਦੀ ਆੜ ’ਚ ਮੰਡੀ ’ਚੋਂ ਕਣਕ ਹੋ ਰਹੀ ਚੋਰੀ ਇਸ ਮੌਕੇ ਹਾਜ਼ਰ ਮਜ਼ਦੂਰਾਂ ਨੇ ਦੱਸਿਆ ਕਿ ਬਲੈਕਆਊਟ ਕਾਰਨ ਰਾਤ ਸਮੇਂ ਕਣਕ ਵੀ ਚੋਰੀ ਹੋ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਹਰੇਕ ਸੀਜਨ ਦੌਰਾਨ ਇੱਥੇ ਮੰਡੀ ਵਿਚ ਪ੍ਰਬੰਧਾਂ ਦੀ ਘਾਟ ਹੁੰਦੀ ਹੈ। ਇਸ ਪਾਸੇ ਅਧਿਕਾਰੀ ਬਿਲਕੁੱਲ ਵੀ ਧਿਆਨ ਨਹੀਂ ਦਿੰਦੇ। ਉਨ੍ਹਾਂ ਮੁੱਖ ਮੰਤਰੀ ਮਾਨ ਤੇ ਹਲਕਾ ਵਿਧਾਇਕ ਭਰਾਜ ਨੂੰ ਅਪੀਲ ਕੀਤੀ ਕਿ ਮੰਡੀ ਦੇ ਪ੍ਰਬੰਧਾਂ ’ਚ ਸੁਧਾਰ ਲਿਆਂਦਾ ਜਾਵੇ ਅਜਿਹਾ ਨਹੀਂ ਹੋਣ ’ਤੇ ਕਿਸਾਨ-ਮਜਦੂਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੀਰਥ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ ਫੁੰਮਣਵਾਲ, ਗੁਰਜੀਤ ਸਿੰਘ, ਸਮੇਤ ਹੋਰ ਵੀ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ। ਰੇਟ ਵੱਧ ਹੋਣ ਕਾਰਨ ਹਰਿਆਣੇ ’ਚ ਮਜ਼ਦੂਰੀ ਨੂੰ ਤਰਜੀਹ ਦੇ ਰਹੀ ਲੇਬਰ : ਸੈਕਟਰੀ ਓਧਰ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸੈਕਟਰੀ ਦਾ ਕਹਿਣਾ ਸੀ ਕਿ ਗੁਆਂਢੀ ਸੂਬੇ ਹਰਿਆਣੇ ’ਚ ਲੇਬਰ ਦੇ ਰੇਟ ਜ਼ਿਆਦਾ ਹੋਣ ਕਾਰਨ ਯੂਪੀ, ਬਿਹਾਰ ’ਚੋਂ ਆਉਣ ਵਾਲੀ ਲੇਬਰ ਪੰਜਾਬ ਦੀ ਬਜਾਏ ਹਰਿਆਣੇ ’ਚ ਮਜ਼ਦੂਰੀ ਕਰਨ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚ ਮਾਲ ਬਾਹਰ ਪਿਆ ਹੈ, ਖ਼ਰਾਬ ਕਣਕ ਨੂੰ ਬਾਹਰ ਰੱਖਿਆ ਜਾਵੇਗਾ। ਉਨ੍ਹਾਂ ਵੱਲੋਂ ਮਾਲ ਨੂੰ ਚੁਕਾਉਣ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇਗਾ।



