
ਬਰਨਾਲਾ, 4 ਮਈ- ਪੀਓ ਸਟਾਫ਼ ਬਰਨਾਲਾ ਦੀ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ’ਚ ਭਗੌੜਾ ਚੱਲ ਰਹੀ ਇਕ ਔਰਤ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ਼ ਦੇ ਇੰਚਾਰਜ਼ ਏਐੱਸਆਈ ਰਣ ਸਿੰਘ ਨੇ ਦੱਸਿਆ ਕਿ ਸੁਮਨ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਰੰਧਾਵਾ ਪੱਤੀ, ਲੌਂਗੋਵਾਲ ਜਿਲ੍ਹਾ ਸੰਗਰੂਰ ਦੇ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ਵਿਖੇ ਮਕੱਦਮਾ ਨੰਬਰ 2, ਐੱਨਡੀਪੀਸੀ ਐਕਟ ਤਹਿਤ ਦਰਜ ਕੀਤਾ ਗਿਆ ਸੀ। ਇਸ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤੀ ਸੁਣਵਾਈ ਦੌਰਾਨ ਉਕਤ ਔਰਤ ਗੈਰ ਹਾਜ਼ਰ ਹੋ ਗਈ। ਜਿਸ ਨੂੰ ਮਾਨਯੋਗ ਅਦਾਲਤ ਬਿਕਰਮਜੀਤ ਸਿੰਘ ਜੱਜ ਸਪੈਸਲ ਕੋਰਟ ਬਰਨਾਲਾ ਵਲੋਂ ਭਗੌੜਾ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੀਓ ਸਟਾਫ਼ ਬਰਨਾਲਾ ਦੀ ਟੀਮ ਨੇ ਮਹਿਲਾ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਉਕਤ ਔਰਤ ਨੂੰ ਕਾਬੂ ਕਰਦਿਆਂ ਮਾਨਯੋਗ ਅਦਾਲਤ ’ਚ ਪੇਸ਼ ਕੀਤਾ। ਇਸ ਨੂੰ ਮਾਨਯੋਗ ਅਦਾਲਤ ਵੱਲੋਂ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਹੈ।



