
ਫਿਰੋਜ਼ਪੁਰ, 8 ਫਰਵਰੀ (ਬਾਲ ਕਿਸ਼ਨ)- ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਗੁਰਦੁਆਰਾ ਸ੍ਰੀ ਢਾਬਸਰ ਸਾਹਿਬ ਦੇ ਕੋਲ ਇਕ ਸ਼ੱਕੀ ਵਿਅਕਤੀ ਦੀ ਮੌਤ ਹੋਣ ਦੇ ਸਬੰਧ ਵਿਚ ਥਾਣਾ ਲੱਖੋਕੇ ਬਹਿਰਾਮ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ 310 (3) ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਹਿਸਾਨ ਵਾਲਾ (ਚੱਕ ਕਾਠਗੜ੍ਹ) ਥਾਣਾ ਅਮੀਰ ਖਾਸ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਸ ਦਾ ਲੜਕਾ ਬਲਵਿੰਦਰ ਸਿੰਘ ਉਰਫ ਬਿੰਦਰ ਜਿਸ ਦੀ ਉਮਰ 34 ਸਾਲ ਹੈ, ਜੋ ਸ਼ਾਦੀਸ਼ੁਦਾ ਹੈ ਤੇ ਸ਼ੈਲਰਾਂ ਵਿਚ ਵੈਲਡਿੰਗ ਦਾ ਕੰਮ ਕਰਦਾ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਮਿਤੀ 6 ਫਰਵਰੀ 2025 ਨੂੰ ਉਸ ਦਾ ਲੜਕਾ ਬਲਵਿੰਦਰ ਸਿੰਘ ਉਰਫ ਬਿੰਦਰ ਸਾਡੇ ਨਾਲ ਦੇ ਪਿੰਡ ਦੇ ਰਿੰਕੂ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਦਰੋਗਾ ਦੇ ਨਾਲ ਸਾਡੇ ਘਰੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਕਾਰ ਸਬੰਧੀ ਗਏ ਸੀ ਤੇ ਉਹ ਆਪਣੇ ਘਰੇਲੂ ਕੰਮ ਕਾਰ ਸਬੰਧੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿਆ ਸੀ। ਬੀਤੀ ਰਾਤ ਨੂੰ ਸਮਾਂ ਕਰੀਬ 10 ਵਜੇ ਉਹ ਵੀ ਘਰੇਲੂ ਕੰਮ ਕਾਰ ਤੋਂ ਵਿਹਲਾ ਹੋ ਕੇ ਆਪਣੇ ਪਿੰਡ ਵਾਪਸ ਆਉਣ ਲੱਗਾ ਤਾਂ ਚੋਂਕ ਬਾਬਾ ਸ਼ੇਰ ਸ਼ਾਹ ਵਲੀ ਪਾਸ ਉਸ ਦਾ ਲੜਕਾ ਬਲਵਿੰਦਰ ਸਿੰਘ ਤੇ ਰਿੰਕੂ ਸਿੰਘ ਉਕਤ ਮਿਲ ਗਏ। ਉਸ ਦਾ ਲੜਕਾ ਬਲਵਿੰਦਰ ਸਿੰਘ ਤੇ ਰਿੰਕੂ ਸਿੰਘ ਮੋਟਰਸਾਈਕਲ ’ਤੇ ਅੱਗੇ ਨਿਕਲ ਗਏ ਜਦ ਉਹ ਪਿੰਡ ਕਰੀ ਕਲਾਂ ਤੋਂ ਥੋੜ੍ਹਾ ਅੱਗੇ ਗੁਰਦੁਆਰਾ ਢਾਬਸਰ ਸਾਹਿਬ ਪਾਸ ਪੁੱਜੇ ਤਾਂ ਅੱਗੇ ਰਿੰਕੂ ਸਿੰਘ ਖੜਾ ਵੇਖਿਆ, ਜਿਸ ਨੇ ਉਸ ਨੂੰ ਦੱਸਿਆ ਕਿ ਸਾਡੇ ਪਿੱਛੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਆਏ ਜਿਨ੍ਹਾਂ ਨੇ ਸਾਡੇ ਬਰਾਬਰ ਮੋਟਰਸਾਈਕਲ ਲਿਆ ਕੇ ਰੁਕਣ ਲਈ ਕਿਹਾ, ਪਰ ਉਸ ਨੇ ਮੋਟਰਸਾਈਕਲ ਹੋਰ ਤੇਜ਼ ਕਰ ਦਿੱਤਾ, ਅਣਪਛਾਤੇ ਵਿਅਕਤੀ ਨੇ ਸਾਡੇ ’ਤੇ ਹਵਾਈ ਫਾਇਰ ਕੀਤਾ ਤੇ ਖੋਹ ਦੀ ਨੀਅਤ ਨਾਲ ਸਾਡੇ ਅੱਗੇ ਮੋਟਰਸਾਈਕਲ ਖੜਾ ਕਰ ਦਿੱਤਾ ਤੇ ਸਾਨੂੰ ਪਰਸ ਤੇ ਮੋਬਾਇਲ ਫੋਨ ਦੇਣ ਲਈ ਕਿਹਾ। ਜਦ ਅਸੀਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਤਿੰਨੇ ਅਣਪਛਾਤੇ ਵਿਅਕਤੀਆਂ ਨੇ ਬਲਵਿੰਦਰ ਸਿੰਘ ਨੂੰ ਫੜ ਲਿਆ ਤੇ ਉਹ ਡਰਦਾ ਮਾਰਾ ਖੇਤਾਂ ਵਿਚ ਭੱਜ ਗਿਆ। ਗੁਰਦੀਪ ਸਿੰਘ ਨੇ ਦੱਸਿਆ ਕਿ ਕੁਝ ਦੇਰ ਬਾਅਦ ਉਹ ਮੌਕੇ ਤੋਂ ਚਲੇ ਗਏ ਤਾਂ ਉਸ ਨੇ ਸੜਕ ’ਤੇ ਆ ਕੇ ਵੇਖਿਆ ਕਿ ਬਲਵਿੰਦਰ ਸਿੰਘ ਸੜਕ ’ਤੇ ਸਮੇਤ ਮੋਟਰਸਾਈਕਲ ਡਿੱਗਾ ਪਿਆ ਸੀ ਤੇ ਜਿਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



