Punjab

ਈਓ ਕਹਿੰਦਾ ਨਾਜਾਇਜ਼, ਪ੍ਰਧਾਨ ਦਾ ਪਤੀ ਕਹਿੰਦਾ ਨਸ਼ਾ ਤਸਕਰ ਦਾ ਢਾਹਿਆ ਘਰ

ਬਰਨਾਲਾ, 4 ਮਈ: ਸ਼ਨਿੱਚਰਵਾਰ ਸਵੇਰੇ 11 ਵਜੇ ਨਗਰ ਪੰਚਾਇਤ ਹੰਡਿਆਇਆ ਵੱਲੋਂ ਸੈਂਸੀ ਬਸਤੀ ’ਚ ਢਾਹੇ ਗਏ ਇਕ ਗਰੀਬ ਦੇ ਘਰ ’ਤੇ ਵੀ ਸਿਆਸਤ ਹੋ ਰਹੀ ਹੈ। ਇਸ ਘਰ ਨੂੰ ਢਾਹੁਣ ਲਈ ਨਗਰ ਪੰਚਾਇਤ ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਜ਼ਿਲ੍ਹਾ ਪੁਲਿਸ ਮੁਖੀ ਵੀ ਭਾਰੀ ਗਿਣਤੀ ’ਚ ਪੁੱਜੇ ਸਨ ਕਿਉਂਕਿ ਉਨ੍ਹਾਂ ਨੂੰ ਨਗਰ ਪੰਚਾਇਤ ਹੰਡਿਆਇਆ ਦੇ ਅਧਿਕਾਰੀਆਂ ਵੱਲੋਂ ਘਰ ਢਾਹੁਣ ਨੂੰ ਲੈ ਕੇ ਹਿੰਸਾ ਨੂੰ ਰੋਕਣ ਲਈ ਬਰਨਾਲਾ ਪੁਲਿਸ ਦਾ ਸਹਾਰਾ ਲਿਆ ਸੀ। ਪਰ ਇਹ ਘਰ ਨਾਜਾਇਜ਼ ਉਸਾਰੀ ਜਾਂ ਨਸ਼ਾ ਤਸਕਰੀ ਮਾਮਲੇ ’ਚ ਢਾਹਿਆ ਗਿਆ ਇਸ ’ਤੇ ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਤੇ ਨਗਰ ਪੰਚਾਇਤ ਹੰਡਿਆਇਆ ਦੇ ਮਹਿਲਾ ਪ੍ਰਧਾਨ ਦੇ ਪਤੀ ਦੇ ਬਿਆਨ ਵੱਖੋ ਵੱਖਰੇ ਸਨ। ਜਦਕਿ ਖੁਦ ਨਗਰ ਪੰਚਾਇਤ ਦੀ ਪ੍ਰਧਾਨ ਇਸ ਕਾਰਵਾਈ ਮੌਕੇ ਗੈਰ ਹਾਜ਼ਰ ਸੀ। ਇਸੇ ਜਗ੍ਹਾ ’ਤੇ ਦੋ ਘਰਾਂ ਨੂੰ ਢਾਹਿਆ ਗਿਆ ਹੈ। ਜਦਕਿ ਇਕ ਹੋਰ ਘਰ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ, ਪਰ ਕੁੱਝ ਕਾਗ਼ਜ਼ਾਂ ਦੀ ਘਾਟ ਕਰਕੇ ਉਸਨੂੰ ਅਗਲੇਰੀ ਕਾਰਵਾਈ ਤੱਕ ਰੋਕ ਲਿਆ ਗਿਆ ਹੈ। : ਨਾਜਾਇਜ਼ ਜਗ੍ਹਾ ’ਤੇ ਬਣੇ ਘਰ ਨੂੰ ਢਾਹਿਆ : ਈਓ ਕਈ ਸਾਲ ਬਣੇ ਪੁਰਾਣੇ ਘਰ ਨੂੰ ਢਾਹੇ ਜਾਣ ਸਬੰਧੀ ਜਦ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਨਾਲ ਗੱਲਬਾਤ ਕੀਤੀ ਕਿ ਇਸ ਘਰ ਨੂੰ ਢਾਹੇ ਜਾਣ ਦਾ ਕੀ ਕਾਰਨ ਹੈ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ ਕਿ ਇਹ ਘਰ ਪੰਚਾਇਤੀ ਜਗ੍ਹਾ ’ਚ ਨਾਜਾਇਜ਼ ਉਸਾਰੀ ਕਰਕੇ ਬਣਾਇਆ ਸੀ। ਜਿਸ ਨੂੰ ਪੰਚਾਇਤੀ ਜ਼ਮੀਨਾਂ ਛੁਡਾਉਣ ਤਹਿਤ ਕਾਰਵਾਈ ਕਰਦਿਆਂ ਢਾਹਿਆ ਗਿਆ ਹੈ। ਜਦ ਸਾਡੇ ਪ੍ਰਤੀਨਿਧ ਨੇ ਉਨ੍ਹਾਂ ਨੂੰ ਬਣਨ ਵੇਲੇ ਕਿਉਂ ਨਹੀਂ ਰੋਕਿਆ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਉੱਕਾ ਹੀ ਜਾਣਕਾਰੀ ਨਹੀਂ ਹੈ, ਪਰ ਹੁਣ ਸਰਕਾਰੀ ਹੁਕਮਾਂ ਤਹਿਤ ਉਹ ਨਾਜਾਇਜ਼ ਉਸਾਰੀਆਂ ਨੂੰ ਢਾਹ ਕੇ ਕਬਜੇ ਛੁਡਵਾ ਰਹੇ ਹਨ। ਜਦ ਉਨ੍ਹਾਂ ਨੂੰ ਨਸ਼ਾ ਤਸਕਰੀ ਮਾਮਲੇ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਰਿਕਾਰਡ ’ਚ ਹੋਵੇਗਾ। ਅਸੀ ਤਾਂ ਪੁਲਿਸ ਦੀ ਮੱਦਦ ਨਾਲ ਨਾਜਾਇਜ਼ ਕਬਜੇ ਛੁਡਵਾ ਰਹੇ ਹਾਂ। : ਨਸ਼ਾ ਤਸਕਰ ਦਾ ਢਾਹਿਆ ਘਰ : ਮਹਿਲਾ ਪ੍ਰਧਾਨ ਦਾ ਪਤੀ ਮੌਕੇ ’ਤੇ ਪੁੱਜੇ ਨਗਰ ਪੰਚਾਇਤ ਹੰਡਿਆਇਆ ਦੇ ਮਹਿਲਾ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਨਰੰਜਣ ਸਿੰਘ ਨੂੰ ਜਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਨਸ਼ਾ ਤਸਕਰੀ ਕਰਦੇ ਸਨ। ਇਸ ਕਰਕੇ ਉਨ੍ਹਾਂ ਦਾ ਘਰ ਢਾਹਿਆ ਗਿਆ ਹੈ। ਜਦ ਉਨ੍ਹਾਂ ਨੂੰ ਇਸ ਮੌਕੇ ਪ੍ਰਧਾਨ ਦੀ ਗੈਰ ਹਾਜ਼ਰੀ ਜਾਂ ਕਾਰਜ ਸਾਧਕ ਅਫ਼ਸਰ ਦੇ ਰਾਬਤੇ ਸਬੰਧੀ ਪੁੱਛਿਆ ਤਾਂ ਉਨ੍ਹਾਂ ਉੱਕਾ ਹੀ ਕੋਰੀ ਨਾਂ ਕਰਦਿਆਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪ੍ਰਸਾਸ਼ਨ ਵੱਲੋਂ ਇਸ ਘਰ ਨੂੰ ਢਾਹੇ ਜਾਣ ਸਬੰਧੀ ਉਨ੍ਹਾਂ ਦੇ ਕੋਲ ਨਾ ਤਾਂ ਕੋਈ ਇਤਲਾਹ ਸੀ ਤੇ ਨਾਂ ਹੀ ਕਿਸੇ ਨਗਰ ਪੰਚਾਇਤ ਹੰਡਿਆਇਆ ਦੇ ਅਧਿਕਾਰੀ ਜਾਂ ਕਰਮਚਾਰੀ ਨੇ ਜਾਣਕਾਰੀ ਸਾਂਝੀ ਕੀਤੀ। ਉਹ ਤਾਂ ਸਿਰਫ਼ ਘਰ ਢਾਹੁਣ ਉਪਰੰਤ ਸੈਂਸੀ ਬਸਤੀ ’ਚ ਪਏ ਰੌਲੇ ਤੋਂ ਬਾਅਦ ਹੀ ਮੌਕੇ ’ਤੇ ਪੁੱਜੇ ਹਨ।

Related Articles

Leave a Reply

Your email address will not be published. Required fields are marked *

Back to top button