Punjab

ਬਦਮਾਸ਼ਾਂ ਨੇ ਚਿੱਟੇ ਦਿਨ ਬਜ਼ੁਰਗ ਔਰਤ ਨੂੰ ਬਣਾਇਆ ਨਿਸ਼ਾਨਾ, ਲੁੱਟਿਆ ਸੋਨੇ ਦਾ ਕੜਾ

ਲੁਧਿਆਣਾ, 26 ਅਪ੍ਰੈਲ-ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੀ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਸ ਨੂੰ ਕਾਰ ਵਿੱਚ ਖਿੱਚ ਲਿਆ। ਮੁਲਜ਼ਮਾਂ ਨੇ ਔਰਤ ਦਾ ਸੋਨੇ ਦਾ ਕੜਾ ਉਤਾਰਨ ਤੋਂ ਬਾਅਦ ਉਸ ਨੂੰ ਧੱਕਾ ਦੇ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਗਰ ਨਗਰ ਦੀ ਰਹਿਣ ਵਾਲੀ ਹਰਜਿੰਦਰ ਕੌਰ (72)ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਜਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 8 ਵਜੇ ਦੇ ਕਰੀਬ ਉਹ ਗੁਰਦੁਆਰਾ ਸਾਹਿਬ ਤੋ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ। ਬਜ਼ੁਰਗ ਮਹਿਲਾ ਜਿਵੇਂ ਹੀ ਅਗਰ ਨਗਰ ਬੀ ਬਲਾਕ ਦੇ ਨੇੜੇ ਪਹੁੰਚੀ ਤਾਂ ਉਨ੍ਹਾਂ ਦੇ ਸਾਹਮਣੇ ਇੱਕ ਹਰਿਆਣਾ ਨੰਬਰ ਦੀ ਕਾਰ ਆ ਕੇ ਰੁਕੀ। ਔਰਤ ਨੇ ਦੱਸਿਆ ਕਿ ਕਾਰ ਵਿੱਚ 2 ਔਰਤਾਂ ਅਤੇ 2 ਨੌਜਵਾਨ ਸਵਾਰ ਸਨ। ਇੱਕ ਔਰਤ ਨੇ ਬਜ਼ੁਰਗ ਮਹਿਲਾ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾ ਲਿਆ। ਹਰਜਿੰਦਰ ਕੌਰ ਜਿਵੇਂ ਹੀ ਕਾਰ ਦੇ ਦਰਵਾਜ਼ੇ ਦੇ ਲਾਗੇ ਪਹੁੰਚੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਕਾਰ ਦੇ ਅੰਦਰ ਖਿੱਚ ਲਿਆ। ਬਦਮਾਸ਼ਾਂ ਨੇ ਔਰਤ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰਿਆ ਅਤੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਹਰਜਿੰਦਰ ਕੌਰ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਅਗਰ ਨਗਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ‌ ਬਦਮਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਹਰਿਆਣਾ ਨੰਬਰ ਦੀ ਕਾਰ ਦਾ ਨੰਬਰ ਵੀ ਟਰੇਸ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button