ਜਲੰਧਰ, 27 ਜੁਲਾਈ : ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਜੋ ਕਿ ਇਕ ਗੰਭੀਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫਸੇ ਹੋਏ ਹਨ, ਆਖਰਕਾਰ ਵਿਜੀਲੈਂਸ ਜਾਂਚ ’ਚ ਸ਼ਾਮਲ ਹੋ ਗਏ ਹਨ। ਉਹ ਆਪਣੇ ਵਕੀਲ ਨਾਲ ਵਿਜੀਲੈਂਸ ਦਫ਼ਤਰ ਪਹੁੰਚੇ, ਜਿੱਥੇ ਜਾਂਚ ਏਜੰਸੀ ਦੀ ਟੀਮ ਨੇ ਉਨ੍ਹਾਂ ਨੂੰ ਸਵਾਲਾਂ ਦੀ ਇਕ ਲੰਬੀ ਸੂਚੀ ਸੌਂਪੀ। ਇਨ੍ਹਾਂ ਸਵਾਲਾਂ ਰਾਹੀਂ ਵਿਜੀਲੈਂਸ ਨੇ ਰਾਜਨ ਅਰੋੜਾ ਦੀ ਜਾਇਦਾਦ, ਪਿਛਲੇ ਤਿੰਨ ਸਾਲਾਂ ’ਚ ਇਸ ’ਚ ਹੋਏ ਵਾਧੇ, ਨਿਗਮ ਅਧਿਕਾਰੀਆਂ ਨਾਲ ਉਨ੍ਹਾਂ ਦੇ ਸਬੰਧਾਂ ਤੇ ਉਨ੍ਹਾਂ ਦੇ ਪਿਤਾ ਨਾਲ ਉਨ੍ਹਾਂ ਦੀਆਂ ਭੂਮਿਕਾਵਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਮੰਗੀ ਹੈ। ਵਿਜੀਲੈਂਸ ਵੱਲੋਂ ਸੌਂਪੇ ਗਏ ਲਗਭਗ 40 ਸਵਾਲਾਂ ’ਚ ਵਿਜੀਲੈਂਸ ਵੱਲੋਂ ਪੁੱਛੇ ਗਏ ਮੁੱਖ ਸਵਾਲ ਇਹ ਹਨ ਕਿ ਉਨ੍ਹਾਂ ਕੋਲ ਕਿੰਨੀ ਜਾਇਦਾਦ ਹੈ, ਉਨ੍ਹਾਂ ਨੇ ਤਿੰਨ ਸਾਲਾਂ ’ਚ ਕਿੰਨੀ ਬਣਾਈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਰਾਜਨ ਅਰੋੜਾ ਨੇ ਆਪਣੇ ਪਿਤਾ ਦੇ ਰਾਜਨੀਤਿਕ ਸਬੰਧਾਂ ਦਾ ਫਾਇਦਾ ਉਠਾ ਕੇ ਨਗਰ ਨਿਗਮ ’ਚ ਨਾਜਾਇਜ਼ ਕੰਮ ਕਰਵਾਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਜਨ ਅਰੋੜਾ ਗ੍ਰਿਫ਼ਤਾਰੀ ਤੋਂ ਬਚਣ ਲਈ ਕੁਝ ਸਮੇਂ ਲਈ ਦੁਬਈ ਗਿਆ ਸੀ। ਹਾਲਾਂਕਿ ਵਿਜੀਲੈਂਸ ਟੀਮ ਨੇ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਭਾਰਤ ਵਾਪਸ ਆਇਆ ਤੇ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਹੀ ਜਾਂਚ ’ਚ ਸ਼ਾਮਲ ਹੋਇਆ। ਵਿਧਾਇਕ ਸਮੇਤ ਚਾਰ ਲੋਕਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 28 ਜੁਲਾਈ ਨੂੰ ਇਸ ਮਾਮਲੇ ’ਚ ਵਿਧਾਇਕ ਰਮਨ ਅਰੋੜਾ ਦੇ ਨਾਲ ਉਨ੍ਹਾਂ ਦੇ ਕੁੜਮ ਰਾਜੂ ਮਦਾਨ, ਆੜ੍ਹਤੀਆ ਮਹੇਸ਼ ਮਖੀਜਾ ਤੇ ਨਿਗਮ ਦੇ ਏਟੀਪੀ ਸੁਖਦੇਵ ਵਿਸ਼ਿਸ਼ਟ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਹੈ। ਇਨ੍ਹਾਂ ਸਾਰਿਆਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ 28 ਜੁਲਾਈ ਨੂੰ ਤੈਅ ਕੀਤੀ ਗਈ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਸਖ਼ਤ ਜਵਾਬਦੇਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਜੀਲੈਂਸ ਵਿਭਾਗ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਸਬੂਤ ਮਿਲੇ ਹਨ ਜੇਕਰ ਵਿਜੀਲੈਂਸ ਜਾਂਚ ਦੌਰਾਨ ਰਾਜਨ ਅਰੋੜਾ ਵੱਲੋਂ ਦਿੱਤੇ ਗਏ ਜਵਾਬ ਤਸੱਲੀਬਖਸ਼ ਨਹੀਂ ਪਾਏ ਜਾਂਦੇ ਜਾਂ ਉਨ੍ਹਾਂ ਵਿਰੁੱਧ ਲੋੜੀਂਦੇ ਸਬੂਤ ਮਿਲਦੇ ਹਨ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਮਾਮਲੇ ’ਚ ਜਾਂਚ ਅਜੇ ਵੀ ਜਾਰੀ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਜਾਂਚ ’ਚ ਪੁੱਛੇ ਗਏ ਕੁਝ ਸਵਾਲ… ਰਾਜਨ ਅਰੋੜਾ ਦੀ ਕੁੱਲ ਜਾਇਦਾਦ ਕਿੰਨੀ ਹੈ? ਪਿਛਲੇ ਤਿੰਨ ਸਾਲਾਂ ’ਚ ਇਸ ’ਚ ਕਿੰਨਾ ਵਾਧਾ ਹੋਇਆ ਹੈ? ਉਨ੍ਹਾਂ ਦਾ ਉਨ੍ਹਾਂ ਲੋਕਾਂ ਨਾਲ ਕੀ ਸਬੰਧ ਹੈ ਜਿਨ੍ਹਾਂ ਨੇ ਉਨ੍ਹਾਂ ਬਾਰੇ ਸ਼ਿਕਾਇਤ ਕੀਤੀ ਹੈ? ਨਗਰ ਨਿਗਮ ਦੇ ਏਟੀਪੀ ਸੁਖਦੇਵ ਵਿਸ਼ਿਸ਼ਟ, ਇੰਸਪੈਕਟਰ ਹਰਿੰਦਰ ਕੌਰ ਤੇ ਹੋਰ ਅਧਿਕਾਰੀਆਂ ਨਾਲ ਕਿਹੜੀਆਂ ਗਤੀਵਿਧੀਆਂ ’ਚ ਹਿੱਸਾ ਲਿਆ ਹੈ? ਪਿਤਾ ਦੇ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਜਾਇਦਾਦ ਕਿੱਥੋਂ ਹਾਸਲ ਕੀਤੀ?



