
ਫਿਰੋਜ਼ਪੁਰ, 23 ਅਪ੍ਰੈਲ-ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਈਲ ਫੋਨ ਅਤੇ ਹੋਰ ਨਸ਼ੀਲੇ ਪਦਾਰਥ ਪਹੁੰਚਾਉਣਾ ਜਿਥੇ ਬੱਚਿਆਂ ਦੀ ਖੇਡ ਸਾਬਿਤ ਹੋ ਰਹੀ ਹੈ,ਉਥੇ ਥਾਣਾ ਸਿਟੀ ,ਥਾਣਾ ਸਦਰ ਪੁਲਿਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਖੂਫੀਆ ਅਜੈਂਸੀਆਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ।ਅਜਿਹਾ ਕੁੱਝ ਹੀ ਉਸ ਵੇਲੇ ਇਕ ਵਾਰੀ ਫਿਰ ਸਾਹਮਣੇ ਆਇਆ ਜਦੋਂ ਕੇਂਦਰੀ ਜੇਲ੍ਹ ਦੇ ਬਾਹਰੋਂ ‘ਹਵਾਈ ਰੂਟ’ ਜਰੀਏ ‘ਥਰੋਅ’ ਹੋ ਕੇ ਆਏ 16 ਮੋਬਾਇਲ ਫੋਨ, 35 ਬੰਡਲ ਬੀੜੀਆਂ ਦੇ ਬੰਡਲ ਅਤੇ ਹੋਰ ਸਮਾਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 42, 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੱਤਰ ਨੰਬਰ 2511 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 11 ਅਪ੍ਰੈਲ 2025 ਨੂੰ ਜੇਲ੍ਹ ਦੇ ਬਾਹਰੋਂ ਥਰੋ ਦੌਰਾਨ 29 ਪੁੜੀਆਂ ਜਰਦਾ, 4 ਬੰਡਲ ਬੀੜੀਆਂ ਬਰਾਮਦ ਹੋਈਆਂ। ਪੱਤਰ ਨੰਬਰ 2525 ਮਿਤੀ 12 ਅਪ੍ਰੈਲ 2025 ਨੂੰ 1 ਰੀਅਲ ਮੀ ਕੰਪਨੀ ਦਾ ਟੱਚ ਸਕਰੀਨ ਮੋਬਾਇਲ, ਪੱਤਰ ਨੰਬਰ 2540 ਮਿਤੀ 14 ਅਪ੍ਰੈਲ 2025 ਨੂੰ ਤਲਾਸ਼ੀ ਦੌਰਾਨ 1 ਟੱਚ ਸਕਰੀਨ ਮੋਬਾਇਲ, ਇਕ ਡਾਟਾ ਕੇਬਲ ਟੁੱਟੀ ਹੋਈ ਲਵਾਰਸ ਹਾਲਤ ਵਿਚ ਮਿਲੀ। ਪੱਤਰ ਨੰਬਰ 2546 ਮਿਤੀ 14 ਅਪ੍ਰੈਲ 2025 ਨੂੰ ਤਲਾਸ਼ੀ ਦੌਰਾਨ 3 ਟੱਚ ਸਕਰੀਨ ਮੋਬਾਇਲ ਫੋਨ, ਪੱਤਰ ਨੰਬਰ 2619 ਮਿਤੀ 16 ਅਪ੍ਰੈਲ 2025 ਨੂੰ ਤਲਾਸ਼ੀ ਦੌਰਾਨ 9 ਲਵਾਰਿਸ ਮੋਬਾਇਲ ਫੋਨ ਅਤੇ 6 ਡਾਟਾ ਕੇਬਲ, ਪੱਤਰ ਨੰਬਰ 2684 ਮਿਤੀ 18 ਅਪ੍ਰੈਲ 2025 ਨੂੰ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਇਕ ਟੱਚ ਅਤੇ 1 ਕੀਪੈਡ ਮੋਬਾਇਲ ਫੋਨ ਲਵਾਰਿਸ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਪੱਤਰ ਨੰਬਰ 2347 ਮਿਤੀ 5 ਅਪ੍ਰੈਲ 2025 ਨੂੰ ਬਾਹਰੋਂ ਜੇਲ੍ਹ ਅੰਦਰ ਥਰੋ ਦੌਰਾਨ 60 ਪੂੜੀਆਂ ਜਰਦਾ, 235 ਨਸ਼ੀਲੇ ਜਾਪਦੇ ਕੈਪਸੂਲ ਅਤੇ ਪੱਤਰ ਨੰਬਰ 2401 ਮਿਤੀ 7 ਅਪ੍ਰੈਲ 2025 ਨੂੰ ਬਾਹਰੋਂ ਜੇਲ੍ਹ ਦੇ ਅੰਦਰ ਥਰੋ ਦੌਰਾਨ 15 ਪੂੜੀਆਂ ਜਰਦਾ ਅਤੇ 147 ਗ੍ਰਾਮ ਨਸ਼ੀਲਾ ਪਾਊਡਰ ਲਵਾਰਿਸ ਹਾਲਤ ਵਿਚ ਬਰਾਮਦ ਹੋਇਆ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



