
ਬਾਲ ਕਿਸ਼ਨ
ਫਿਰੋਜ਼ਪੁਰ, 23 ਅਪ੍ਰੈਲ- ਤਲਵੰਡੀ ਰੋਡ ’ਤੇ ਸਥਿਤ ਪਿੰਡ ਸੇਖਵਾਂ, ਰਟੌਲ ਰੋਹੀ ਆਦਿ ਪਿੰਡਾਂ ਅੰਦਰ ਖੇਤਾਂ ’ਚ ਕਣਕ ਅਤੇ ਨਾੜ ਨੂੰ ਅੱਗ ਲੱਗ ਜਾਣ ਕਾਰਨ ਅੱਗ ’ਚ ਝੁਲਸੇ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਰਨਪਾਲ ਸਿੰਘ ਪੁੱਤਰ ਕਮਲਜੀਤ ਸਿੰਘ ਅਤੇ ਅਰਜੁਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹੱਲਾ ਮੱਲੀਆਂ ਜ਼ੀਰਾ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਸੋਢੀ ਵਾਲਾ-ਰਟੌਲ ਰੋਹੀ ਵੱਲੋਂ ਜ਼ੀਰਾ ਵੱਲ ਨੂੰ ਆ ਰਹੇ ਸਨ ਕਿ ਅਚਾਨਕ ਖੇਤਾਂ ’ਚ ਲੱਗੀ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਉਕਤ ਦੋਵੇਂ ਨੌਜਵਾਨ ਖੇਤਾਂ ਵਿਚ ਲੱਗੀ ਅੱਗ ਵਿੱਚ ਡਿੱਗ ਪਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਕਰਨਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਮੋਟਰਸਾਈਕਲ ਵੀ ਖੇਤਾਂ ਵਿੱਚ ਹੀ ਸੜ ਗਿਆ ਸੀ। ਇਸ ਤੋਂ ਇਲਾਵਾ ਉਸ ਦਾ ਦੂਸਰਾ ਸਾਥੀ ਨੌਜਵਾਨ ਅਰਜੁਨ ਸਿੰਘ ਬੁਰੀ ਤਰ੍ਹਾਂ ਅੱਗ ਵਿੱਚ ਝੁਲਸ ਗਿਆ ਸੀ, ਜਿਸ ਦਾ ਪਰਿਵਾਰਿਕ ਮੈਂਬਰਾਂ ਵੱਲੋਂ ਵੱਖ-ਵੱਖ ਹਸਪਤਾਲਾਂ ਤੋਂ ਇਲਾਜ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ਅਰਜੁਨ ਸਿੰਘ ਦੀ ਵੀ ਬੀਤੀ ਕੱਲ੍ਹ ਦੇਰ ਰਾਤ ਮੌਤ ਹੋ ਗਈ। ਇਲਾਕਾ ਦੀਆਂ ਸਮਾਜ ਸੈਵੀ ਆਗੂਆਂ ਵੱਲੋਂ ਅੱਗ ਦੀ ਲਪੇਟ ਵਿਚ ਆਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦਿੱਤੇ ਜਾਣ ਦੀ ਮੰਗ ਕੀਤੀ ਹੈ।



