
ਲਾਹੌਰ, 14 ਅਪ੍ਰੈਲ-ਪਾਕਿਸਾਤਨ ਦੇ ਪੰਜਾਬ ਸੂਬੇ ’ਚ 2 ਸਿੱਖਾਂ ਸਮੇਤ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਮੁਹਿੰਮ ਦੌਰਾਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਗ੍ਰਿਫਤਾਰ ਅੱਤਵਾਦੀਆਂ ’ਚੋਂ 2 ਪਾਕਿਸਤਾਨੀ ਸਿੱਖ ਸੂਰਜ ਸਿੰਘ ਅਤੇ ਬਾਦਲ ਸਿੰਘ ਸ਼ਾਮਲ ਹਨ। ਦੋਵੇਂ ਸਿੱਖਾਂ ਨੂੰ ਰਾਵਲਪਿੰਡੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਪੰਜਾਬ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਤੋਂ ਹਨ ਅਤੇ ਵੱਖਵਾਦੀ ਸਿਆਸੀ ਪਾਰਟੀ ਜੇਯ ਸਿੰਧ ਮੁਤਾਹਿਦਾ ਮਹਾਜ ਦੇ ਮੈਂਬਰ ਹਨ, ਜੋ ਸਿੰਧ ਸੂਬੇ ਨੂੰ ਪਾਕਿਸਤਾਨ ਤੋਂ ਵੱਖ ਕੀਤੇ ਜਾਣ ਦੀ ਵਕਾਲਤ ਕਰਦੀ ਹੈ। ਪੰਜਾਬ ਪੁਲਿਸ ਦੇ ਅੱਤਵਾਦੀ ਵਿਰੋਧੀ ਵਿਭਾਗ (ਸੀਟੀਡੀ) ਦੇ ਬੁਲਾਰੇ ਨੇ ਅੱਗੇ ਕਿਹਾ ਕਿ ਪਿਛਲੇ ਹਫਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸੂਚਨਾ ਦੇ ਆਧਾਰ ’ਤੇ 189 ਮੁਹਿੰਮਾਂ ਚਲਾ ਕੇ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਥਿਆਰ, ਧਮਾਕਾਖੇਜ਼ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਗਈ। ਗ੍ਰਿਫਤਾਰ ਹੋਰ 8 ਅੱਤਵਾਦੀ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਹਨ। ਅੱਤਵਾਦੀਆਂ ਨੇ ਰਾਵਲਪਿੰਡੀ ਅਤੇ ਪੰਜਾਬ ਦੇ ਹੋਰ ਸ਼ਹਿਰਾਂ ’ਚ ਮਹੱਤਵਪੂਰਨ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਗ੍ਰਿਫਤਾਰ ਅੱਤਵਾਦੀਆਂ ਵਿਰੁੱਧ 9 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।



