
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 29 ਮਾਰਚ-ਸੀਬੀਆਈ ਕੋਰਟ ‘ਚ ਅੱਜ ਸੁਣਵਾਈ ਦੌਰਾਨ ਜੱਜ ਨੋਟ ਕਾਂਡ ਮਾਮਲੇ ‘ਚ ਸੇਵਾਮੁਕਤ ਜੱਜ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਗਏ। 17 ਸਾਲ ਪਹਿਲਾਂ ਹੋਈ ਇਕ ਗਲਤ ਡਿਲਿਵਰੀ ਨੇ ਇਕ ਅਜਿਹੀ ਰਿਸ਼ਵਤ ਦੀ ਖੇਡ ਨੂੰ ਸਾਹਮਣੇ ਲਿਆ ਦਿੱਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਸਾਲ 2008 ‘ਚ, ਸਿਰਫ 33 ਦਿਨ ਪਹਿਲਾਂ ਹਾਈ ਕੋਰਟ ਦੀ ਜੱਜ ਬਣੀ ਜਸਟਿਸ ਨਿਰਮਲਜੀਤ ਕੌਰ ਦੇ ਘਰ ਅਚਾਨਕ ਨੋਟਾਂ ਨਾਲ ਭਰਿਆ ਪੈਕੇਟ ਆਣ ਪਹੁੰਚਿਆ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਪੁਲਿਸ ਨੂੰ ਸੂਚਨਾ ਦੇ ਦਿੱਤੀ। ਇਸ ਇਕ ਘਟਨਾ ਨੇ ਰਿਸ਼ਵਤ ਦੀ ਵੱਡੇ ਖੇਡ ਦਾ ਪਰਦਾਫਾਸ਼ ਕਰ ਦਿੱਤਾ। ਅੱਜ ਫੈਸਲਾ ਹੋ ਗਿਆ ਕਿ ਇਸ ਰਿਸ਼ਵਤ ਦੇ ਖੇਡ ‘ਚ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਪਤਾ ਲੱਗਿਆ ਹੈ ਕਿ ਇਹ 15 ਲੱਖ ਰੁਪਏ ਦੀ ਰਿਸ਼ਵਤ ਸੀ, ਜੋ ਹਰਿਆਣਾ ਦੇ ਤੱਤਕੀਲ ਅਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬੰਸਲ ਨੇ ਕਥਿਤ ਤੌਰ ‘ਤੇ ਜਸਟਿਸ ਨਿਰਮਲ ਯਾਦਵ ਨੂੰ ਭੇਜੀ ਸੀ। ਬੰਸਲ ਦਾ ਮੁਨਸ਼ੀ ਗਲਤੀ ਨਾਲ ਇਹ ਰਕਮ ਜਸਟਿਸ ਨਿਰਮਲਜੀਤ ਕੌਰ ਦੇ ਘਰ ਲੈ ਆਇਆ, ਜਿਸ ਤੋਂ ਬਾਅਦ ਜਸਟਿਸ ਨਿਰਮਲ ਯਾਦਵ ਤੇ ਸੰਜੀਵ ਬੰਸਲ ਸਮੇਤ ਕਈ ਵੱਡੇ ਕਾਰੋਬਾਰੀਆਂ ਖ਼ਿਲਾਫ਼ ਸੀਬੀਆਈ ਨੇ ਕੇਸ ਦਰਜ ਕੀਤਾ ਸੀ।



