Punjab

ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਦੀ ਪਾਰਲੀਮੈਂਟ ’ਚ ਗੂੰਜ

ਸ਼ਾਹਕੋਟ, 26 ਮਾਰਚ-ਪੰਜਾਬ ਸਿਰ ਚੜ੍ਹੇ 3 ਲੱਖ 74 ਹਜ਼ਾਰ ਕਰੋੜ ਦੀ ਗੂੰਜ ਅੱਜ ਪਾਰਲੀਮੈਂਟ ’ਚ ਪੈਂਦੀ ਰਹੀ। ਜ਼ੀਰੋ ਆਵਰ ਦੌਰਾਨ ਆਰਥਿਕ ਸੰਕਟ ’ਚ ਘਿਰੇ ਪੰਜਾਬ ਦੇ ਮਸਲਿਆਂ ਨੂੰ ਉਠਾਉਂਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੇਸ਼ ਦੇ ਮੋਹਰੀ ਸੂਬਿਆਂ ’ਚ ਗਿਣਿਆ ਜਾਣ ਵਾਲਾ ਪੰਜਾਬ ਫਾਡੀ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਜਿਸਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਖੇਤੀਬਾੜੀ ‘ਤੇ ਨਿਰਭਰ ਹੈ, ਇਸ ਸਮੇਂ ਉਸ ਦਾ ਖੇਤੀ ਸੈਕਟਰ ਸੰਕਟ ’ਚ ਆਇਆ ਹੋਇਆ ਹੈ। ਪੰਜਾਬ ਜਿਸ ਨੇ ਹਮੇਸ਼ਾ ਹੀ ਦੇਸ਼ ਦੇ ਅਨਾਜ਼ ਭੰਡਾਰਾਂ ਨੂੰ ਭਰ ਕਿ ਰੱਖਿਆ ਉਹ ਇਸ ਸਮੇਂ ਕਰਜ਼ੇ ਨਾਲ ਜੂਝ ਰਿਹਾ ਹੈ।ਪੰਜਾਬ ਸਿਰ ਇਸ ਸਮੇਂ 3 ਲੱਖ 74 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਹੈ। ਇਸ ਕਰਜ਼ੇ ਦੇ ਵਿਆਜ਼ ਦੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਸਿਰ ਇਹ ਕਰਜ਼ਾ ਉਸ ਵੇਲੇ ਚੜ੍ਹਨਾ ਸ਼ੁਰੂ ਹੋਇਆ ਸੀ ਜਦੋਂ ਪੰਜਾਬ ’ਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਕੇਂਦਰੀ ਸੁਰੱਖਿਆ ਬਲਾਂ ਦਾ ਖਰਚਾ ਪੰਜਾਬ ਸਿਰ ਪਾ ਦਿੱਤਾ ਗਿਆ ਸੀ ਜਦਕਿ ਉਸ ਵੇਲੇ ਸੂਬਾ ਦੇਸ਼ ਦੀ ਏਕਤਾ ਤੇ ਆਖੰਡਤਾ ਦੀ ਲੜਾਈ ਲੜ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ’ਚ ਜਿਹੜੀ ਭੂਮਿਕਾ ਕੇਂਦਰ ਸਰਕਾਰ ਦੀ ਬਣਦੀ ਹੈ। ਉਹ ਪਹਿਲ ਦੇ ਅਧਾਰ ‘ਤੇ ਨਿਭਾਈ ਜਾਵੇ। ਪੰਜਾਬ ਦੀ ਖੇਤੀ ਹੀ ਸੰਕਟ ’ਚ ਫਸ ਚੁੱਕੀ ਹੈ। ਇਸ ਵਕਤ ਪੰਜਾਬ ’ਚ ਸੂਬੇ ’ਚ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਹੈ। ਪੰਜਾਬ ’ਚ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ। ਹਾਲ ਹੀ ’ਚ ਲੋਕ ਸਭਾ ’ਚ ਪੇਸ਼ ਕੀਤੀ ਗਈ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ 20 ਜ਼ਿਲ੍ਹਿਆ ’ਚ ਨਾਈਟਰੇਟ ਦੀ ਮਾਤਰਾ ਵੱਧ ਗਈ ਹੈ ਜੋ ਫਸਲਾਂ ਲਈ ਬਹੁਤ ਹਾਨੀਕਾਰਕ ਹੈ। ਇਸੇ ਤਰ੍ਹਾਂ ਪੰਜਾਬ ਦੇ 12 ਜ਼ਿਲ੍ਹਿਆ ’ਚ ਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ ਜਿਹੜੀ ਚਮੜੀ ਤੇ ਕੈਂਸਰ ਦੇ ਰੋਗਾਂ ’ਚ ਵਾਧਾ ਕਰ ਰਹੀ ਹੈ। ਧਰਤੀ ਹੇਠਲੇ ਪਾਣੀ ਦੇ ਨਾਲ ਨਾਲ ਦਰਿਆਵਾਂ ਦੇ ਪਾਣੀਆਂ ’ਚ ਵੀ ਘੁੱਲ ਰਹੀਆਂ ਜ਼ਹਿਰਾਂ ਵੱਡੀ ਚਿੰਤਾ ਦਾ ਵਿਸ਼ਾ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਤੇ ਖੇਤੀਬਾੜੀ ’ਚ ਆਏ ਇਸ ਸੰਕਟ ਨੂੰ ਦੇਖਦਿਆਂ ਕੇਂਦਰ ਸਰਕਾਰ ਪੰਜਾਬ ’ਤੇ ਚੜ੍ਹੇ ਕਰਜ਼ੇ ’ਤੇ ਲੀਕ ਮਾਰੇ ਜਿਵੇਂ ਕਾਰਪੋਰੇਟਾਂ ਦੇ 16 ਲੱਖ ਕਰੋੜ ਤੇ ਮਾਰੀ ਗਈ ਸੀ।

ਦੇਸ਼ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ ਜਾਵੇ

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਿਸਾਨ ਜੋ ਦੇਸ਼ ਦਾ ਢਿੱਡ ਭਰਦਾ ਹੈ ਤੇ ਦਿਨ ਰਾਤ ਮਿਹਨਤ ਕਰਦੇ ਹਨ ਪਰ ਉਨ੍ਹਾਂ ਦੀ ਆਮਦਨ ਓਨੀ ਨਹੀਂ ਹੈ। ਸੰਤ ਸੀਚੇਵਾਲ ਨੇ ਸਦਨ ’ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹਰ ਸੈਕਟਰ ਨੇ ਵਿਕਾਸ ਦੀ ਬੁਲੰਦੀਆਂ ਨੂੰ ਛੂਹਿਆ ਪਰ ਕਿਸਾਨ ਤੇ ਮਜ਼ਦੂਰਾਂ ਦੀ ਹਾਲਤ ਲਗਾਤਾਰ ਹੀ ਤਰਸਯੋਗ ਬਣਦੀ ਗਈ। ਸੰਤ ਸੀਚੇਵਾਲ ਨੇ ਸਦਨ ’ਚ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ ਜਾਵੇ। ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਚੜ੍ਹੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਕਿਉਂਕਿ ਕਿਸਾਨ ਬਚਣਗੇ ਤਾਂ ਹੀ ਉਸ ਤੇ ਨਿਰਭਰ ਮਜ਼ਦੂਰ ਬਚਣਗੇ।

Related Articles

Leave a Reply

Your email address will not be published. Required fields are marked *

Back to top button