ਪੁਲਿਸ ਨੇ MP ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅਜਨਾਲਾ ਕੋਰਟ ‘ਚ ਕੀਤਾ ਪੇਸ਼, ਅਦਾਲਤ ਨੇ ਵਧਾਈ ਇੰਨੇ ਦਿਨਾਂ ਦੀ ਰਿਮਾਂਡ

ਅੰਮ੍ਰਿਤਸਰ, 25 ਮਾਰਚ-ਕੁਝ ਦਿਨ ਪਹਿਲਾਂ ਕੋਟਕਪੂਰਾ ਤੋਂ ਗ੍ਰਿਫ਼ਤਾਰ ਕੀਤੇ ਗਏ ਹਰਜੀਤ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ, ਭਗਵੰਤ ਸਿੰਘ, ਦਿਲਜੀਤ ਸਿੰਘ, ਬਸੰਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਮੰਗਲਵਾਰ ਸਵੇਰੇ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਮਨਪ੍ਰੀਤ ਕੌਰ ਨੇ ਮੁਲਜ਼ਮਾਂ ਨੂੰ 28 ਮਾਰਚ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਲਜ਼ਮਾਂ ਨੂੰ ਕੁਝ ਦਿਨ ਪਹਿਲਾਂ ਅਜਨਾਲਾ ਥਾਣੇ ਦੀ ਪੁਲਿਸ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ ਲੋਕਾਂ ਤੋਂ ਹਟਾਇਆ ਗਿਆ ਸੀ NSA
ਇਸ ਮਾਮਲੇ ਦੇ ਮੁੱਖ ਮੁਲਜ਼ਮ MP ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਜੌਹਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਫਿਲਹਾਲ ਉਨ੍ਹਾਂ ‘ਤੇ NSA ਦੀ ਧਾਰਾ ਲਗਾਈ ਗਈ ਹੈ। ਜਿਨ੍ਹਾਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ, ਉਨ੍ਹਾਂ ਵਿੱਚ ਹਰਜੀਤ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ, ਭਗਵੰਤ ਸਿੰਘ, ਦਿਲਜੀਤ ਸਿੰਘ ਅਤੇ ਬਸੰਤ ਸਿੰਘ ਸ਼ਾਮਲ ਹਨ। ਇਨ੍ਹਾਂ ਲੋਕਾਂ ਤੋਂ NSA ਹਟਾ ਦਿੱਤਾ ਗਿਆ ਹੈ।
ਅਜਨਾਲਾ ਥਾਣੇ ‘ਤੇ ਹਮਲੇ ਦੇ ਮਾਮਲੇ ‘ਚ ਹੋਈ ਸੀ ਗ੍ਰਿਫਤਾਰੀ
ਉਪਰੋਕਤ ਸਾਰੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਨੇ ਦੋ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਧਾਰਮਿਕ ਯਾਤਰਾ ਦੌਰਾਨ ਅਜਨਾਲਾ ਥਾਣੇ ’ਤੇ ਹਮਲਾ ਕੀਤਾ ਸੀ। ਖਾਲਿਸਤਾਨ ਸਮਰਥਕਾਂ ਨੇ ਪੁਲਿਸ ‘ਤੇ ਲਾਠੀਚਾਰਜ ਕੀਤਾ ਤੇ ਭਾਰੀ ਪਥਰਾਅ ਵੀ ਕੀਤਾ। ਇਸ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।



