
ਫ਼ਿਰੋਜ਼ਪੁਰ, 25 ਮਾਰਚ (ਬਾਲ ਕਿਸ਼ਨ)– ਇੱਥੋਂ ਨਜ਼ਦੀਕੀ ਪਿੰਡ ਝੋਕ ਹਰੀ ਹਰ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਛਾਣ ਰਾਜੂ ਪੁੱਤਰ ਹਜ਼ਾਰਾ ਨੰਬਰਦਾਰ ਵਾਸੀ ਪਿੰਡ ਝੋਕ ਹਰੀ ਹਰ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 37 ਸਾਲ ਸੀ, ਜੋ ਦਿਹਾੜੀ–ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ–ਪੋਸ਼ਣ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਰਾਜੂ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ, ਜਿਸ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਜੁਰਗ ਪਿਓ, ਪਤਨੀ ਤੋਂ ਇਲਾਵਾ ਸੱਤ ਧੀਆਂ ਛੱਡ ਗਿਆ ਹੈ। ਦੱਸਣਯੋਗ ਹੈ ਕਿ ਪਿੰਡ ਝੋਕ ਹਰੀ ਹਰ ਵਿਖੇ ਨਸ਼ੇ ਦੇ ਕਾਰਨਾਂ ਕਰਕੇ ਪਹਿਲਾਂ ਵੀ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।



