ਕੈਨੇਡਾ ‘ਚ 10 ਸਾਲ ਦਾ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਕੀਤੀ 16 ਲੱਖ ਦੀ ਧੋਖਾਧੜੀ, 2 ਟਰੈਵਲ ਏਜੰਟ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ, 23 ਮਾਰਚ-ਬੇਟੇ ਨੂੰ ਕੈਨੇਡਾ ਦਾ 10 ਸਾਲ ਦਾ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਆਪਣੀ ਮਹਿਲਾ ਸਾਥੀ ਨਾਲ ਮਿਲ ਕੇ ਸੇਵਾ ਮੁਕਤ ਫੌਜੀ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਮੁਲਜ਼ਮਾਂ ਨੇ ਸੇਵਾ ਮੁਕਤ ਫੌਜੀ ਕੋਲੋਂ 16 ਲੱਖ 32 ਹਜਾਰ ਰੁਪਏ ਦੀ ਰਕਮ ਹਾਸਲ ਕਰ ਲਈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਜਗਰਾਉਂ ਦੇ ਪਿੰਡ ਡੱਲਾ ਦੇ ਵਾਸੀ ਕੁਲਵੰਤ ਸਿੰਘ ਦੀ ਸ਼ਿਕਾਇਤ ਤੇ ਮੁੰਬਈ ਦੇ ਰਹਿਣ ਵਾਲੇ ਟਰੈਵਲ ਏਜੰਟ ਆਸ਼ਿਕ ਅਲੀ ਤੇ ਪੂਨੇ ਦੀ ਰਹਿਣ ਵਾਲੀ ਪ੍ਰਿਯੰਕਾ ਸ਼ੈਲਸ ਖ਼ਿਲਾਫ਼ ਧੋਖਾਧੜੀ ਅਪਰਾਧਿਕ ਸਾਜਿਸ਼ ਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2022 ਦੀ ਸ਼ੁਰੂਆਤ ਵਿੱਚ ਉਨ੍ਹਾਂ ਦੇ ਬੇਟੇ ਨੇ ਕੰਮ ਸਬੰਧੀ ਕੈਨੇਡਾ ਜਾਣਾ ਸੀ। ਇਸ ਦੌਰਾਨ ਉਨ੍ਹਾਂ ਦਾ ਸੰਪਰਕ ਟਰੈਵਲ ਏਜੰਟ ਆਸ਼ਕ ਅਲੀ ਨਾਲ ਹੋਇਆ। ਮੁਲਜ਼ਮ ਨੇ ਆਪਣੀ ਮਹਿਲਾ ਸਾਥੀ ਪ੍ਰਿਅੰਕਾ ਨਾਲ ਮਿਲ ਕੇ ਉਨ੍ਹਾਂ ਨੂੰ ਝਾਂਸੇ ਵਿੱਚ ਲਿਆ ਤੇ ਆਖਿਆ ਕਿ ਕੈਨੇਡਾ ਵਿੱਚ ਉਨ੍ਹਾਂ ਦੇ ਬੇਟੇ ਦਾ 10 ਸਾਲ ਦਾ ਵਰਕ ਪਰਮਿਟ ਲੱਗ ਜਾਵੇਗਾ। ਮੁਲਜ਼ਮਾਂ ਨੇ ਝਾਸਾ ਦੇ ਕੇ ਰਿਟਾਇਰ ਫੌਜੀ ਕੋਲੋਂ 16 ਲੱਖ 32 ਹਜਾਰ ਰੁਪਏ ਦੀ ਰਕਮ ਹਾਸਲ ਕਰ ਲਈ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਲੜਕੇ ਦਾ ਵੀਜ਼ਾ ਆਇਆ ਤੇ ਨਾ ਹੀ ਮੁਲਜ਼ਮਾਂ ਨੇ ਪੈਸੇ ਵਾਪਸ ਮੋੜੇ। ਇਸ ਮਾਮਲੇ ਵਿੱਚ ਕੁਲਵੰਤ ਸਿੰਘ ਨੇ 5 ਜੁਲਾਈ 2022 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਸਾਲਾਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



