
ਲੁਧਿਆਣਾ, 18 ਦਸੰਬਰ : ਬੁੱਧਵਾਰ ਨੂੰ ਲੁਧਿਆਣਾ ਦੀ ਕਾਨੂੰਨ ਵਿਵਸਥਾ ਤੇ ਉਸ ਵੇਲੇ ਗੰਭੀਰ ਸਵਾਲ ਖੜੇ ਹੋ ਗਏ ਜਦੋਂ ਸਭ ਤੋਂ ਵੱਧ ਸੁਰੱਖਿਤ ਮੰਨਿਆ ਜਾਣ ਵਾਲਾ ਸ਼ਹਿਰ ਦਾ ਹਿੱਸਾ ਕੋਟ ਕੰਮਪਲੈਕਸ ਦੇ ਬਾਹਰਲੇ ਪਾਸੇ ਜੋਸ਼ੀ ਨਗਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਕੰਨੂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਜਾਣਲੇਵਾ ਹਮਲਾ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਗੰਭੀਰ ਰੂਪ ਵਿੱਚ ਫੱਟੜ ਹੋਇਆ ਕੰਨੂ ਅਚਾਨਕ ਲਾਪਤਾ ਹੋ ਗਿਆ ਜੋ ਇਸ ਮਾਮਲੇ ਨੂੰ ਹੋਰ ਰਹਾਇਸਮਈ ਬਣਾ ਦਿੰਦਾ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਕੰਨੂ ਅਦਾਲਤ ਵਿੱਚ ਆਪਣੇ ਖਿ਼ਲਾਫ਼ ਦਰਜ ਮੁਕੱਦਮੇ ਦੀ ਸੁਣਵਾਈ ਲਈ ਆਇਆ ਸੀ। ਉਹ ਜਿਵੇਂ ਹੀ ਬਾਹਰ ਨਿਕਲਿਆ ਤਾਂ ਪਹਿਲੋਂ ਤੋਂ ਹੀ ਘਾਤ ਲਗਾ ਕੇ ਬੈਠੇ ਕੁਝ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਚਾਰਾਂ ਟਾਇਰਾਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਕੰਨੂ ਬਚਣ ਲਈ ਕਾਰ ਵੱਲ ਦੌੜਿਆ ਪਰ ਹਮਲਾਵਾਰਾਂ ਨੇ ਉਸ ਨੂੰ ਮੁੜ ਤੋਂ ਘੇਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਹਮਲੇ ਦੇ ਦੌਰਾਨ ਮੌਕੇ ‘ਤੇ ਮੌਜੂਦ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਲੜਾਈ ਵਿੱਚ ਦਖਲ ਦਿੱਤੀ ਗਈ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੋਰਟ ਕੰਪਲੈਕਸ ਵਰਗੇ ਸੰਵੇਦਨਸ਼ੀਲ ਇਲਾਕੇ ਦੇ ਬਿਲਕੁਲ ਨਾਲ ਹਮਲਾ ਹੋਣ ਦੇ ਬਾਵਜੂਦ ਮੁਲਜਮ ਬਿਨਾਂ ਰੁਕਾਵਟ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਕੰਨੂ ਅਚਾਨਕ ਹੋਇਆ ਗਾਇਬ
ਪੁਲਿਸ ਲਈ ਇਹ ਗੱਲ ਵੀ ਚਿੰਤਾ ਬਣੀ ਹੋਈ ਹੈ ਕਿ ਹਮਲੇ ਤੋਂ ਬਾਅਦ ਕਾਨੂੰ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ। ਅਧਿਕਾਰੀਆਂ ਦੇ ਮੁਤਾਬਕ ਨੇੜਲੇ ਸਾਰੇ ਹਸਪਤਾਲਾਂ ਦੀ ਜਾਂਚ ਕੀਤੀ ਗਈ ਹੈ ਪਰ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇੱਕ ਅਧਿਕਾਰੀ ਨੇ ਆਖਿਆ ਕਿ ਸੰਭਵ ਇਹ ਵੀ ਹੈ ਕਿ ਕੰਨੂ ਖੁਦ ਸ਼ਿਕਾਇਤ ਦਰਜ ਕਰਵਾਉਣ ਲਈ ਸਾਹਮਣੇ ਨਾ ਆ ਰਿਹਾ ਹੋਵੇ, ਪਰ ਆਪਣੇ ਪੱਧਰ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਸੀਸੀਟੀਵੀ ਕੈਮਰੇ ਦੀ ਕੀਤੀ ਜਾ ਰਹੀ ਹੈ ਜਾਂਚ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਕੋਰਟ ਕੰਪਲੈਕਸ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਜ਼ਬਤ ਕਰ ਲਏ। ਪੁਲਿਸ ਫੁਟੇਜ ਖੰਗਾਲ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਕੰਨੂ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ
ਜ਼ਿਕਰ ਯੋਗ ਹੈ ਕਿ ਇਸ ਘਟਨਾ ਦੇ ਦੋ ਦਿਨ ਪਹਿਲੋਂ ਕੰਨੂ ਦੀ ਮਾਂ ਬਲਵਿੰਦਰ ਕੌਰ ਨੇ ਹੈਬੋਵਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨਾਂ ਦੇ ਘਰ ਤੇ ਕੁਝ ਨੌਜਵਾਨਾਂ ਨੇ ਇੱਟਾਂ ਤੇ ਕੱਚ ਦੀਆਂ ਬੋਤਲਾਂ ਸੁੱਟ ਕੇ ਹਮਲਾ ਕੀਤਾ ਹੈ। ਉਸ ਮਾਮਲੇ ਵਿੱਚ ਪੁਲਿਸ ਨੇ ਰਾਜਾਗਿਰੀ, ਗਿੱਲ, ਮਣੀ ਨਾਹਰ, ਗੈਰੀ ਨਾਹਰ, ਆਸੂ, ਮਣੀ ਕ੍ਰਿਸ਼ਨਾ, ਕਨੀ ਪੱਪੀ, ਰਾਹੁਲ ਮੋਟਾ, ਨੇਪਾਲੀ, ਚੀਨੀ, ਮਾਨਵ ਸਹੋਤਾ, ਰਿਸ਼ਵ, ਨਿਤਿਨ, ਪੈਪੀ ਅਤੇ ਮੁਲਜ਼ਮਾਂ ਦੇ ਕੁਝ ਸਾਥੀਆਂ ਦੇ ਖਿ਼ਲਾਫ਼ ਭਾਰਤੀ ਨਿਆ ਸਹਿਤਾ ਦੀਆਂ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ। ਪਰ ਉਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਹੁਣ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਕੰਨੂ ਤੇ ਹੋਇਆ ਹਮਲਾ ਵੀ ਇਸੇ ਗਰੁੱਪ ਵੱਲੋਂ ਕੀਤਾ ਹੋ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



