ਮਜ਼ਦੂਰੀ ਦੇ ਪੈਸੇ ਨਾ ਮਿਲਣ ’ਤੇ ਮਨਰੇਗਾ ਮਜ਼ਦੂਰਾਂ ਨੇ ਕੱਢੀ ਰੋਸ ਰੈਲੀ
ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਫ਼ਿਰੋਜ਼ਪੁਰ, 17 ਮਾਰਚ (ਬਾਲ ਕਿਸ਼ਨ)– ਪਿੰਡਾਂ ਵਿਚ ਮਨਰੇਗਾ ਅਧੀਨ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਜ਼ਦੂੁਰੀ ਨਾ ਮਿਲਣ ਕਰਕੇ ਮਨਰੇਗਾ ਮਜ਼ਦੂਰਾਂ ਵੱਲੋਂ ਅੱਜ ਲੋਕ ਅਧਿਕਾਰ ਲਹਿਰ ਅਤੇ ਸਮੂਹ ਮਜ਼ਦੂਰ ਵੈੱਲਫੇਅਰ ਸਭਾ ਦੇ ਬੈਨਰ ਤੇ ਪ੍ਰਧਾਨ ਬੱਗਾ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਪਾਰਕ ਫ਼ਿਰੋਜ਼ਪੁਰ ਸ਼ਹਿਰ ਵਿਖੇ ਇਕ ਵੱਡਾ ਇਕੱਠ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਛਾਉਣੀ ਤੱਕ ਰੋਸ ਰੈਲੀ ਕੱਢੀ ਗਈ। ਰੋਸ ਰੈਲੀ ਦੌਰਾਨ ਮਨਰੇਗਾ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬੱਗਾ ਸਿੰਘ, ਬਲਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਪਿੰਡਾਂ ਦੇ ਮਨਰੇਗਾ ਮਜ਼ਦੂਰ ਕਾਫ਼ੀ ਲੰਬੇ ਅਰਸੇ ਤੋਂ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿਚ ਉਨ੍ਹਾਂ ਦੀ ਮਜ਼ਦੂਰੀ ਦੇ ਪੈਸੇ ਨਹੀਂ ਪਾਏ ਜਾ ਰਹੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਤੇ ਰਾਜਨੀਤਿਕ ਲੋਕਾਂ ਵਲੋਂ ਮਨਰੇਗਾ ਮਜ਼ਦੂਰਾਂ ਦਾ ਕੰਮ ਰੋਕਿਆ ਜਾਂਦਾ ਹੈ ਅਤੇ ਜਿਹੜੇ ਉਨ੍ਹਾਂ ਨਾਲ ਮਿਲੀਭੁੁਗਤ ਕਰਦੇ ਹਨ, ਉਨ੍ਹਾਂ ਦੀ ਨਜਾਇਜ਼ ਹਾਜ਼ਰੀਆਂ ਪੁਆਈਆ ਜਾਂਦੀਆਂ ਹਨ, ਜਿਸ ਸਬੰਧੀ ਉਹ ਮਸਟਰੋਲ ਦੀਆਂ ਫੋਟੋ ਸਮੇਤ ਜ਼ਿਲ੍ਹਾ ਹੈੱਡ ਕੁਆਟਰ ਨੂੰ ਜਮਾਂ ਕਰਵਾ ਚੁੱਕੇ ਹਾਂ, ਪਰ ਫਿਰ ਵੀ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਮਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਮਜ਼ਦੂਰੀ ਦੇ ਪੈਸੇ ਉਨ੍ਹਾਂ ਦੇ ਖ਼ਾਤੇ ਵਿਚ ਜਲਦ ਪਾਏ ਜਾਣ ਤੋਂ ਇਲਾਵਾ ਪਿੰਡਾਂ ਦੇ ਪ੍ਰੋਜੈਕਟਾਂ ਲਈ ਪਾਸ ਹੁੰਦੀ ਗ੍ਰਾਂਟ ਦੀ ਸੂਚੀ ਪਿੰਡ ਦੀ ਸਾਂਝੀ ਜਗ੍ਹਾ ਵਿਚ ਲਗਾਈ ਜਾਵੇ ਤਾਂ ਜੋ ਲੋੜਵੰਦ ਮਜ਼ਦੂਰਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਵਲੋਂ ਕਿੰਨਾ ਪੈਸਾ ਆਇਆ ਅਤੇ ਕਿੰਨ੍ਹਾ ਕੰਮ ਕਰਨਾ ਹੈ, ਮਨਰੇਗਾ ਮਜ਼ਦੂਰਾਂ ਨੂੰ ਕਿਰਾਇਆ, ਮੈਡੀਕਲ ਸਹੂਲਤਾਂ, 10 ਪ੍ਰਤੀਸ਼ਤ ਖਰਚਾ ਦਿੱਤਾ ਜਾਵੇ। ਮਨਰੇਗਾ ਮਜ਼ਦੂਰਾਂ ਨੇ ਰੋਸ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਜਥੇਬੰਦੀ ਨੂੰ ਨਾਲ ਲੈ ਕੇ ਤਿੱਖਾ ਅਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।



