18 ਦਿਨਾਂ ’ਚ 27 ਕਿੱਲੋ ਹੈਰੋਇਨ ਸਪਲਾਈ ਕਰ ਚੁੱਕਾ ਗ੍ਰੰਥੀ ਪਰਿਵਾਰ, ਅਦਾਲਤ ਨੇ ਚਾਰ ਦਿਨ ਦੇ ਰਿਮਾਂਡ ‘ਤੇ ਭੇਜਿਆ

ਜਸਵਿੰਦਰ ਸਿੰਘ ਸੰਧੂ
ਅੰਮ੍ਰਿਤਸਰ, 9 ਮਾਰਚ- ਸੀਆਈਏ ਸਟਾਫ ਵੱਲੋਂ ਫੜੇ ਗਏ ਗ੍ਰੰਥੀ ਜੋਗਾ ਸਿੰਘ ਦੇ ਪਰਿਵਾਰ ਨੇ ਪਿਛਲੇ 18 ਦਿਨਾਂ ਵਿਚ 27 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਪਲਾਈ ਕੀਤੀ ਹੈ। ਇਸ ਵਿਚੋਂ 15 ਕਿਲੋ ਹੈਰੋਇਨ ਜੋਗਾ ਸਿੰਘ ਵੱਲੋਂ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਘੁਮਾਣਪੁਰਾ ਦੇ ਵਸਨੀਕ ਹਰਮਨਦੀਪ ਸਿੰਘ ਅਤੇ ਅਟਾਰੀ ਦੇ ਮੇਨ ਬਾਜ਼ਾਰ ਦੇ ਵਸਨੀਕ ਲਵਪ੍ਰੀਤ ਸਿੰਘ ਨੂੰ ਸਪਲਾਈ ਕੀਤੀ ਗਈ ਸੀ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਸੀਆਈ (ਕਾਊਂਟਰ ਇੰਟੈਲੀਜੈਂਸ) ਨੇ 15 ਕਿਲੋ ਹੈਰੋਇਨ ਸਮੇਤ ਫੜਿਆ ਸੀ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੀਆਈਏ ਸਟਾਫ ਦੀ ਟੀਮ ਹਰਮਨਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫ਼ਤਾਰ ਕਰ ਸਕਦੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ। ਫਿਲਹਾਲ ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰੰਥੀ ਜੋਗਾ ਸਿੰਘ ਅਤੇ ਉਨ੍ਹਾਂ ਦੇ ਭਰਾ ਪੰਜਾਬ ਸਿੰਘ ਦੇ ਨਾਂ ‘ਤੇ ਸਾਢੇ ਤਿੰਨ ਕਿੱਲੇ ਜ਼ਮੀਨ ਹੈ, ਜੋ ਪਿੰਡ ਗਾਗੜਮਲ ਦੇ ਗੁਰਦੁਆਰੇ ਦੇ ਨਾਲ ਲੱਗਦੀ ਹੈ। ਜੋਗਾ ਸਿੰਘ ਅਤੇ ਉਸ ਦਾ ਭਰਾ ਪੰਜਾਬ ਸਿੰਘ ਪਾਕਿਸਤਾਨੀ ਤਸਕਰਾਂ ਨਾਲ ਵਟਸਐਪ ਰਾਹੀਂ ਗੱਲ ਕਰਦੇ ਸਨ ਅਤੇ ਡਰੋਨ ਰਾਹੀਂ ਉਨ੍ਹਾਂ ਦੇ ਖੇਤਾਂ ਵਿਚ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾਉਂਦੇ ਸਨ। ਫਿਰ ਉਹ ਆਪਣੀ ਪਤਨੀ ਸ਼ਰਨਜੀਤ ਕੌਰ ਅਤੇ ਭਰਾ ਪੰਜਾਬ ਸਿੰਘ ਨਾਲ ਮਿਲ ਕੇ ਖੇਤ ਤੋਂ ਹੈਰੋਇਨ ਚੁੱਕ ਕੇ ਇਸ ਨੂੰ ਸੁਰੱਖਿਅਤ ਢੰਗ ਨਾਲ ਲੁਕਾਉਂਦੇ ਸੀ। ਏਨਾ ਹੀ ਨਹੀਂ ਮੁਲਜਮਾਂ ਨੇ ਆਪਣੇ ਘਰ ਵਿਚ ਦੋ ਵੱਡੇ ਟਰੈਕਟਰ ਵੀ ਰੱਖੇ ਹੋਏ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਖੇਪ ਸੁੱਟਣ ਦਾ ਸੁਨੇਹਾ ਮਿਲਦਾ ਸੀ, ਉਹ ਆਪਣੇ ਵੱਡੇ ਟਰੈਕਟਰਾਂ ਨੂੰ ਖੇਤਾਂ ਵਿਚ ਉਸੇ ਥਾਂ ‘ਤੇ ਲੈ ਜਾਂਦੇ ਸਨ ਜਿੱਥੇ ਡਰੋਨ ਹੈਰੋਇਨ ਸੁੱਟਦੇ ਸਨ। ਇਸ ਤੋਂ ਬਾਅਦ ਉਹ ਹੈਰੋਇਨ ਦੀਆਂ ਵੱਡੀਆਂ ਖੇਪਾਂ ਨੂੰ ਟਰੈਕਟਰ ਵਿੱਚ ਛੁਪਾ ਕੇ ਸੁਰੱਖਿਅਤ ਆਪਣੇ ਘਰ ਪਹੁੰਚਾਉਂਦੇ ਸੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਬਾਕੀ 12 ਕਿਲੋ ਹੈਰੋਇਨ ਆਪਣੇ ਗਿਰੋਹ ਦੇ ਕਿਸ ਮੈਂਬਰ ਨੂੰ ਸਪਲਾਈ ਕੀਤੀ ਸੀ। ਜਾਂਚ ਵਿੱਚ ਸਿਰਫ਼ ਇਹੀ ਪਤਾ ਲੱਗ ਸਕਿਆ ਹੈ ਕਿ ਮੁਲਜ਼ਮਾਂ ਨੇ ਇਹ ਖੇਪ ਮੰਗਲਵਾਰ ਨੂੰ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਸੌਂਪੀ ਸੀ। ਦੂਜੇ ਪਾਸੇ ਐਸਪੀ ਹਰਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਜਾਇਦਾਦ ਦੇ ਵੇਰਵੇ ਵੀ ਤਿਆਰ ਕੀਤੇ ਜਾ ਰਹੇ ਹਨ। ਇਹ ਜਲਦੀ ਹੀ ਫ੍ਰੀਜ਼ ਹੋ ਜਾਣਗੇ। ਉਨ੍ਹਾਂ ਕਿਹਾ ਕਿ ਤਿੰਨੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਿੰਘ ਅਤੇ ਗ੍ਰੰਥੀ ਜੋਗਾ ਸਿੰਘ ਸਾਲ 2021 ਤੋਂ ਪਾਕਿਸਤਾਨ ਤੋਂ ਹੈਰੋਇਨ ਸਪਲਾਈ ਕਰਨ ਦੇ ਕਾਰੋਬਾਰ ਵਿਚ ਸ਼ਾਮਲ ਹਨ। ਹੁਣ ਉਨ੍ਹਾਂ ਦੇ ਗਿਰੋਹ ਦੇ ਮੈਂਬਰ ਨਾ ਸਿਰਫ਼ ਅੰਮ੍ਰਿਤਸਰ ਵਿਚ ਸਗੋਂ ਗੁਰਦਾਸਪੁਰ, ਬਟਾਲਾ, ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਵੀ ਫੈਲੇ ਹੋਏ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪੁਲਿਸ ਨੇ ਤਿੰਨਾਂ ਨੂੰ ਢਾਈ ਕਿਲੋਗ੍ਰਾਮ ਹੈਰੋਇਨ ਅਤੇ ਚਾਲੀ ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਸੀ।



