Punjab

ਚੰਨੀ ਨੂੰ ਗੈਂਗਸਟਰਾਂ ਦੇ ਨਹੀਂ ਬਲਕਿ ਅਕਾਲੀਆਂ ਦੇ ਫੋਨ ਆ ਰਹੇ : ਮਾਨ

ਸੰਗਰੂਰ, 15 ਦਸੰਬਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੈਂਗਸਟਰਾਂ ਦੀਆਂ ਨਹੀਂ ਸਗੋਂ ਅਕਾਲੀਆਂ ਦੀਆਂ ਧਮਕੀਆਂ ਆ ਰਹੀਆਂ ਹਨ, ਕਿਉਂਕਿ ਅਕਾਲੀ ਦਲ ਗੈਂਗਸਟਰਾਂ ਦੀ ਪਾਰਟੀ ਬਣ ਚੁੱਕੀ ਹੈ ਤੇ ਅਕਾਲੀ ਦਲ ਵੱਲੋਂ ਗੈਂਗਸਟਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਇਹ ਦੋਸ਼ ਨੇੜਲੇ ਪਿੰਡ ਮੰਗਵਾਲ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ’ਤੇ ਲਾਏ। ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜਾ ਬਿਆਨ ਦਿੱਤਾ ਜਾ ਰਿਹਾ ਕਿ ਉਨਾਂ ਦੇ ਲੀਡਰਾਂ ਦੀਆਂ ਗੱਡੀਆਂ ਘੇਰੀਆਂ ਜਾ ਰਹੀਆਂ ਹਨ ਅਤੇ ਉਨਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਹਨ। ਇਹ ਗੱਲਾਂ ਨਿਰਾਧਾਰ ਹਨ। ਚੰਨੀ ਵੋਟਾਂ ਤੋਂ ਪਹਿਲਾਂ ਹੀ ਆਪਣੀ ਪਾਰਟੀ ਦੀ ਹਾਰ ਮੰਨ ਚੁੱਕੇ ਹਨ। ਉਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰੇਕ ਬੂਥ ’ਤੇ 100-100 ਬੈਲਟ ਪੇਪਰ ਪਹੁੰਚ ਚੁੱਕਿਆ ਹੈ, ਉਹ ਦਿਖਾਉਣ ਕਿੱਥੇ ਹੈ। ਚੰਨੀ ਦੇ ਇਹ ਬਿਆਨ ਗ਼ੈਰ-ਜ਼ਿੰਮੇਵਾਰਾਨਾ ਹਨ। ਚੋਣਾਂ ’ਚ ਪ੍ਰਸ਼ਾਸਨ ਦਾ ਦੁਰਉਪਯੋਗ ਕਰਨ ਦੇ ਲੱਗ ਰਹੇ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੀਆਂ ਹਨ, ਜਿਸ ਕਾਰਨ ਅਜਿਹੇ ਬਹਾਨੇ ਘੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ’ਚ 2400 ਉਮੀਦਵਾਰ ਕਾਂਗਰਸ ਦੇ ਬਲਾਕ ਸੰਮਤੀ ’ਚ ਚੋਣਾਂ ਲੜ ਰਹੇ ਹਨ, 2000 ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਹਨ, ਜੇਕਰ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਹੁੰਦਾ ਤਾਂ ਇਹ ਆਜ਼ਾਦ ਚੋਣ ਲੜ ਨਾ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰੇਗਾ ਜਾਂ ਕਿਸੇ ਨੂੰ ਗੈਂਗਸਟਰਾਂ ਤੋਂ ਧਮਕੀਆਂ ਦਿਵਾਏਗਾ ਤਾਂ ਪ੍ਰਸ਼ਾਸਨ ਤਾਂ ਕਾਰਵਾਈ ਕਰੇਗਾ ਹੀ। ਉਹ ਸਮੁੱਚੇ ਪੰਜਾਬ ’ਚ ਡੀਜੀਪੀ, ਚੋਣ ਕਮਿਸ਼ਨ ਤੋਂ ਰਿਪੋਰਟ ਲੈ ਰਹੇ ਹਨ। ਸਮੁੱਚੇ ਪੰਜਾਬ ’ਚ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button