Punjab

ਚਾਰ ਸਾਲ ਪੁਰਾਣੇ ਹੱਤਿਆਕਾਂਡ ’ਚ ਆਇਆ ਅਦਾਲਤ ਦਾ ਫ਼ੈਸਲਾ

ਮਾਂ ਦੇ ਕਾਤਲ ਨੂੰਹ-ਪੁੱਤਰ ਨੂੰ ਉਮਰ ਕੈਦ

ਜਲੰਧਰ, 23 ਸਤੰਬਰ : ਨੂਰਮਹਲ ’ਚ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਮਾਂ ਦੀ ਹੱਤਿਆ ਕਰ ਦਿੱਤੀ ਤੇ ਇਸ ਘਟਨਾ ਤੋਂ ਚਾਰ ਸਾਲ ਬਾਅਦ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਆਪਣੀ ਮਾਂ ’ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰ ਕੇ ਉਸ ਦੀ ਹੱਤਿਆ ਕਰਨ ਵਾਲੇ ਪੁੱਤਰ ਗਗਨਦੀਪ ਉਰਫ਼ ਗੱਗੀ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਅਦਾਲਤ ਨੇ ਮੁਲਜ਼ਮ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਹਾਂ ਨੂੰ ਚਾਰ ਸਾਲ ਪਹਿਲਾਂ ਨੂਰਮਹਿਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਲੰਬੇ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਮੁਲਜ਼ਮ ਮੰਨਿਆ ਹੈ। ਦੋਹਾਂ ਨੂੰ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਛੇ-ਛੇ ਮਹੀਨੇ ਵਾਧੂ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 10 ਸਤੰਬਰ 2021 ਦਾ ਹੈ, ਜਦੋਂ ਨੂਰਮਹਿਲ ਦੇ ਮੁਹੱਲਾ ਰਵਿਦਾਸਪੁਰਾ ਦੀ ਬਜ਼ੁਰਗ ਔਰਤ ਵਿਦਿਆ ਦੇਵੀ ਉਰਫ਼ ਭੋਲੀ ਦੀ ਲਾਸ਼ ਉਸ ਦੇ ਘਰ ’ਚ ਖ਼ੂਨ ਨਾਲ ਲਥਪਥ ਹਾਲਤ ’ਚ ਮਿਲੀ ਸੀ। ਪੁਲਿਸ ਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਗਈ ਸੀ ਕਿ ਮ੍ਰਿਤਕ ਦੇ ਗਲੇ ’ਤੇ ਕੋਈ ਜ਼ਹਿਰੀਲੀ ਚੀਜ਼ ਲੜ ਗਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਪਰ ਜਦੋਂ ਮ੍ਰਿਤਕਾ ਦੇ ਜਵਾਈ ਤੇ ਉਸ ਦਾ ਭਰਾ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਵਿਦਿਆ ਦੇਵੀ ਦੇ ਗਲੇ ਤੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਸਨ। ਪੁੱਤਰ ਤੇ ਨੂੰਹ ਹੋਏ ਫ਼ਰਾਰ, ਬਸ ਅੱਡੇ ਤੋਂ ਪੁਲਿਸ ਨੇ ਕੀਤੇ ਕਾਬੂ ਮ੍ਰਿਤਕਾ ਦੇ ਜਵਾਈ ਅਮਰਜੀਤ ਦੇ ਭਰਾ ਪਿੰਡ ਭੰਡਾਲਾ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਵਿਦਿਆ ਦੇਵੀ ਕਈ ਵਾਰ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਪੁੱਤਰ ਗਗਨਦੀਪ ਉਰਫ਼ ਗੱਗੀ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ। ਉਸ ਨੂੰ ਸ਼ੱਕ ਸੀ ਕਿ ਮਾਂ ਦੇ ਨਾਜਾਇਜ਼ ਸਬੰਧ ਹਨ ਤੇ ਇਸੇ ਕਰ ਕੇ ਉਹ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ। ਘਟਨਾ ਵਾਲੇ ਦਿਨ ਵੀ ਵਿਦਿਆ ਦੇਵੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰ ਕੇ ਦੱਸਿਆ ਸੀ ਕਿ ਉਸ ਦੀ ਤਬੀਅਤ ਖ਼ਰਾਬ ਹੋ ਰਹੀ ਹੈ ਪਰ ਜਦੋਂ ਪਰਿਵਾਰਿਕ ਮੈਂਬਰ ਪਹੁੰਚੇ ਤਾਂ ਉਹ ਖ਼ੂਨ ਨਾਲ ਲਥਪਥ ਸ਼ੱਕੀ ਹਾਲਤ ’ਚ ਮ੍ਰਿਤਕ ਪਈ ਸੀ ਤੇ ਉਸ ਦਾ ਪੁੱਤਰ ਗਗਨਦੀਪ ਤੇ ਨੂੰਹ ਗੁਰਪ੍ਰੀਤ ਮੌਕੇ ਤੋਂ ਫ਼ਰਾਰ ਸਨ। ਅਮਰਜੀਤ ਤੇ ਉਸ ਦੇ ਭਰਾ ਨਰਿੰਦਰ ਕੁਮਾਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਵਿਦਿਆ ਦੇਵੀ ਕਈ ਵਾਰ ਦੱਸ ਚੁੱਕੀ ਸੀ ਕਿ ਉਸ ਦਾ ਪੁੱਤਰ ਗਗਨਦੀਪ ਉਸ ’ਤੇ ਸ਼ੱਕ ਕਰਦਾ ਹੈ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ। ਇਸ ਆਧਾਰ ’ਤੇ ਪੁਲਿਸ ਨੇ ਗਗਨਦੀਪ ਤੇ ਉਸ ਦੀ ਪਤਨੀ ਗੁਰਪ੍ਰੀਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ। ਦੋਹਾਂ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਕਈ ਗਵਾਹਾਂ ਦੇ ਬਿਆਨ ਹੋਏ ਸਨ ਦਰਜ ਮੁਕੱਦਮਾ 10.09.2021 ਨੂੰ ਦਰਜ ਕੀਤਾ ਗਿਆ ਸੀ। ਇਸ ਦੌਰਾਨ ਕਈ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਅਦਾਲਤ ’ਚ ਪੇਸ਼ ਸਬੂਤਾਂ ਤੇ ਗਵਾਹੀਆਂ ਤੋਂ ਇਹ ਸਾਬਤ ਹੋ ਗਿਆ ਕਿ ਵਿਦਿਆ ਦੇਵੀ ਦੀ ਹੱਤਿਆ ਉਸ ਦੇ ਪੁੱਤਰ ਤੇ ਨੂੰਹ ਨੇ ਮਿਲ ਕੇ ਕੀਤੀ ਸੀ। ਅਦਾਲਤ ਨੇ ਮੰਨਿਆ ਕਿ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਗਗਨਦੀਪ ਨੇ ਆਪਣੀ ਮਾਂ ਦੀ ਜਾਨ ਲਈ ਤੇ ਉਸ ਦੀ ਪਤਨੀ ਨੇ ਉਸ ਦਾ ਸਾਥ ਦਿੱਤਾ। ਸਾਰੇ ਸਬੂਤਾਂ ਤੇ ਗਵਾਹੀਆਂ ਨੂੰ ਧਿਆਨ ’ਚ ਰੱਖਦਿਆਂ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਦਾ ਕਹਿਣਾ ਸੀ ਕਿ ਇਹ ਇਕ ਗੰਭੀਰ ਅਪਰਾਧ ਹੈ, ਜਿਸ ’ਚ ਪੁੱਤਰ ਨੇ ਹੀ ਆਪਣੀ ਮਾਂ ਦੀ ਜਾਨ ਲੈ ਲਈ। ਅਜਿਹੇ ਅਪਰਾਧਾਂ ਲਈ ਸਖ਼ਤ ਸਜ਼ਾ ਹੀ ਦਿੱਤੀ ਜਾ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button