Politics

ਅਸਲਾ ਰਿਕਵਰੀ ਦੌਰਾਨ ਗੈਂਗਸਟਰ ਨੇ ਪੁਲਿਸ ‘ਤੇ ਚਲਾਈਆਂ ਗੋਲ਼ੀਆਂ, ਜਵਾਬੀ ਹਮਲੇ ‘ਚ ਗੈਂਗਸਟਰ ਜ਼ਖ਼ਮੀ, ਧਾਰਾ 307 ਅਧੀਨ ਪਰਚਾ ਦਰਜ

ਭਵਾਨੀਗੜ੍ਹ, 23 ਫਰਵਰੀ- ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਨਦਾਮਪੁਰ ਵਿਖੇ ਨਹਿਰ ਦੀ ਪਟੜੀ ਵਾਲੀ ਫੰਮਣਵਾਲ ਨੂੰ ਜਾਂਦੀ ਸੜਕ ‘ਤੇ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਇਕ ਗੈਂਗਸਟਰ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਜਵਾਬੀ ਹਮਲੇ ’ਚ ਪੁਲਿਸ ਨੇ ਗੈਂਗਸਟਰ ਦੀ ਲੱਤ ’ਚ ਗੋਲ਼ੀ ਮਾਰ ਕੇ ਉਸ ਨੂੰ ਕਾਬੂ ਕੀਤਾ ਅਤੇ ਜ਼ਖ਼ਮੀ ਹਾਲਤ ‘ਚ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੀ.ਆਈ.ਏ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਦੀ ਇੱਕ ਟੀਮ ਆਰਮਜ਼ ਐਕਟ ਤਹਿਤ ਕਾਬੂ ਕੀਤੇ ਗੈੰਗਸਟਰ ਮਨਿੰਦਰ ਸਿੰਘ ਨੂੰ ਉਸਦੀ ਨਿਸ਼ਾਨਦੇਹੀ ‘ਤੇ ਇਕ ਅਸਲੇ ਦੀ ਰਿਕਵਰੀ ਲਈ ਨਦਾਮਪੁਰ ਪਿੰਡ ਨੇੜੇ ਲੈ ਕੇ ਆਈ ਸੀ ‘ਤੇ ਜਦੋਂ ਪੁਲਸ ਪਿੰਡ ਫੰਮਣਵਾਲ ਨੂੰ ਜਾਂਦੀ ਨਹਿਰ ਦੀ ਪਟੜੀ ਨੇੜਲੇ ਖਤਾਨਾਂ ਕੋਲ ਪੁੱਜੀ ਤਾਂ ਉਕਤ ਮਨਿੰਦਰ ਸਿੰਘ ਨੇ ਜਮੀਨ ‘ਚ ਟੋਆ ਪੁੱਟ ਕੇ ਛੁਪਾਏ ਇਕ ਵਿਦੇਸ਼ੀ ਪਿਸਤੌਲ ਜੋ ਪਹਿਲਾਂ ਹੀ ਗੋਲੀਆਂ ਨਾਲ ਲੋਡ ਸੀ ਨਾਲ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਬਦਮਾਸ਼ ਨੇ ਪਿਸਤੌਲ ‘ਚੋੰ ਇਕ ਤੋੰ ਬਾਅਦ ਇਕ ਕੁੱਲ ਤਿੰਨ ਫਾਇਰ ਕੀਤੇ ‘ਤੇ ਇਸ ਫਾਇਰਿੰਗ ਦੌਰਾਨ ਇਕ ਗੋਲ਼ੀ ਮੌਕੇ ‘ਤੇ ਬਰਾਮਦਗੀ ਦੀ ਵੀਡੀਓਗ੍ਰਾਫੀ ਕਰ ਰਹੇ ਸੀ.ਆਈ.ਏ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਪੱਗ ਨੂੰ ਛੂੰਹਦੀ ਹੋਈ ਨਿਕਲ ਗਈ ਜਦੋਂ ਇੱਕ ਫਾਇਰ ਪੁਲਸ ਦੀ ਗੱਡੀ ਅਤੇ ਤੀਜਾ ਫਾਇਰ ਹਵਾ ‘ਚ ਨਿਕਲ ਗਿਆ। ਮੌਕੇ ‘ਤੇ ਮੁਸਤੈਦੀ ਨਾਲ ਪੁਲਿਸ ਮੁਲਾਜ਼ਮਾਂ ਨੇ ਆਪਣਾ ਬਚਾਅ ਕਰਨ ਦੇ ਨਾਲ ਜਵਾਬੀ ਕਾਰਵਾਈ ਕਰਦਿਆਂ ਉਕਤ ਗੈਂਗਸਟਰ ਨੂੰ ਲੱਤ ’ਚ ਗੋਲ਼ੀ ਮਾਰ ਕੇ ਕਾਬੂ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਵਿਅਕਤੀਆਂ ਕੋਲ ਮਾਰੂ ਹਥਿਆਰ ਹੋਣ ਸਬੰਧੀ ਸੂਚਨਾ ਮਿਲੀ ਸੀ ਜੋ ਫਿਰੌਤੀ ਮੰਗਣ ‘ਤੇ ਟਾਰਗੇਟ ਕਿਲਿੰਗ ਕਰਨ ਵਰਗੇ ਗੈੰਗ ਨਾਲ ਸਬੰਧਤ ਸਨ। ਜਿਸ ਆਧਾਰ ’ਤੇ ਪੁਲਿਸ ਨੇ ਬੀਤੇ ਦਿਨੀਂ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਜਿਨ੍ਹਾਂ ਦੇ ਕਬਜ਼ੇ ’ਚੋਂ ਪੁਲਸ ਨੂੰ ਵਿਦੇਸ਼ੀ ਪਿਸਤੌਲ ਵੀ ਬਰਾਮਦ ਹੋਏ ਸਨ। ਪੁਲਿਸ ਨੂੰ ਅਗਲੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਇਹ ਵਿਅਕਤੀ ਜੇਲ੍ਹ ’ਚ ਬੰਦ ਇਕ ਖ਼ਤਰਨਾਕ ਗੈਂਗਸਟਰ ਦੇ ਸੰਪਰਕ ’ਚ ਹਨ ‘ਤੇ ਜੇਲ੍ਹ ’ਚ ਬੈਠ ਕੇ ਉਹ ਇਨ੍ਹਾਂ ਨੂੰ ਨਿਰਦੇਸ਼ ਦਿੰਦਾ ਹੈ। ਇਸ ਉਪਰੰਤ ਪੁਲਸ ਵੱਲੋਂ ਜੇਲ੍ਹ ’ਚ ਬੰਦ ਉਕਤ ਗੈਂਗਸਟਰ ਨੂੰ ਪੁੱਛ-ਗਿੱਛ ਲਈ ਲਿਆਂਦਾ ਗਿਆ ਤੇ ਉਸ ਨੇ ਮੰਨਿਆ ਕਿ ਉਸ ਕੋਲ ਵੀ ਇਕ ਵਿਦੇਸ਼ੀ ਪਿਸਤੌਲ ਹੈ ਜੋ ਨਦਾਮਪੁਰ ਵਿਖੇ ਨਹਿਰ ਦੀ ਪਟੜੀ ਨੇੜੇ ਖਤਾਨਾਂ ’ਚ ਛੁਪਾ ਕੇ ਰੱਖੀ ਹੋਈ ਹੈ। ਇਸ ਮੌਕੇ ਕਾਲਾਝਾੜ ਚੌਕੀ ਦੇ ਇੰਚਾਰਜ ਏ.ਐੱਸ.ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਮੁਕਾਬਲੇ ‘ਚ ਜਖ਼ਮੀ ਮਨਿੰਦਰ ਸਿੰਘ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਭੇਜਿਆ ਗਿਆ ਹੈ ਤੇ ਉਸਦੇ ਖਿਲਾਫ਼ ਧਾਰਾ 307 ਦੇ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ‘ਤੇ ਫੌਰੈੰਸਿਕ ਮਾਹਿਰਾਂ ਦੀ ਟੀਮ ਬਾਰੀਕੀ ਨਾਲ ਸਬੂਤ ਇਕੱਠਾ ਕਰਨ ਵਿਚ ਜੁੱਟ ਗਈ।

Related Articles

Leave a Reply

Your email address will not be published. Required fields are marked *

Back to top button