
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 27 ਜੁਲਾਈ : ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਦੀ ਅਗਵਾਈ ਵਿਚ ਰੋਗੀ ਕਲਿਆਣ ਸਮਿਤੀ (ਆਰਕੇਐੱਸ) ਦੀ ਚੌਥੀ ਗਵਰਨਿੰਗ ਬਾਡੀ ਬੈਠਕ ਸੈਕਟਰ-16 ਸਥਿਤ ਸਰਕਾਰੀ ਮਲਟੀ-ਸਪੈਸ਼ਲਟੀ ਹਸਪਤਾਲ ਵਿਚ ਹੋਈ। ਇਸ ਮੌਕੇ ਡੀਸੀ ਨਿਸ਼ਾਂਤ ਕੁਮਾਰ ਯਾਦਵ, ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸੁਮਨ ਸਿੰਘ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਨਾਮਜ਼ਦ ਮੈਂਬਰ ਵੀ ਮੌਜੂਦ ਸਨ। ਬੈਠਕ ਦੌਰਾਨ ਕਈ ਮਹੱਤਵਪੂਰਨ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕਰਕੇ ਫ਼ੈਸਲੇ ਲਏ ਗਏ। ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਵੱਡੇ ਬਜ਼ੁਰਗਾਂ ਅਤੇ ਬਿਸਤਰੇ ਤੇ ਪਏ ਮਰੀਜ਼ਾਂ ਲਈ ਸਮਰਪਿਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ, ਓਪੀਡੀ, ਐਮਰਜੈਂਸੀ ਅਤੇ ਗਾਇਨੀ ਵਾਰਡ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਗੀ-ਸਾਥੀਆਂ ਦੀ ਮਦਦ ਲਈ ਸਮਰਪਿਤ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਉਹ ਮਰੀਜ਼ ਜਿਨ੍ਹਾਂ ਦੇ ਨਾਲ ਕੋਈ ਸਾਥੀ ਨਹੀਂ ਹੁੰਦਾ, ਉਨ੍ਹਾਂ ਦੀ ਮਦਦ ਲਈ 6 ਕੇਅਰ ਟੇਕਰ/ਅਟੈਂਡੈਂਟ ਰੱਖੇ ਜਾਣਗੇ। ਇਹ ਸਹਾਇਕ ਮਰੀਜ਼ਾਂ ਨੂੰ ਵ੍ਹੀਲਚੇਅਰ ਰਾਹੀਂ ਲਿਜਾਣ, ਦਵਾਈਆਂ ਲੈਣ, ਜਾਂ ਜਾਂਚਾਂ ਕਰਵਾਉਣ ਵਿਚ ਸਹਾਇਤਾ ਕਰਨਗੇ। ਇਹ ਸੇਵਾਵਾਂ ਗਵਰਨਿੰਗ ਬਾਡੀ ਦੀ ਮਨਜ਼ੂਰੀ ਤੋਂ ਬਾਅਦ ਜਲਦੀ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਚੇਅਰਪਰਸਨ ਨੇ ਚੰਡੀਗੜ੍ਹ ਵਾਸੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ “ਵੈਲਨੈੱਸ ਕਲਚਰ” ਨੂੰ ਉਤਸ਼ਾਹਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਰੀਜ਼ਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵਿਆਪਕ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹਰ ਵਿਅਕਤੀ ਤਕ ਇਨ੍ਹਾਂ ਫਾਇਦਿਆਂ ਦੀ ਪਹੁੰਚ ਹੋ ਸਕੇ।



